ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗ ਦੇ ਖਾਤਮੇ ਦੀ ਸ਼ਾਂਤੀ ਯੋਜਨਾ ਤਿਆਰ ਕਰਨ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਪੂਤਿਨ ਨੂੰ ਗੱਲਬਾਤ ਦੀ ਮੇਜ਼ ’ਤੇ ਲਿਆਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਟਰੰਪ ਨੇ ਕਿਹਾ ਕਿ ਉਹ ਪੂਤਿਨ ਨਾਲ ਮੁਲਾਕਾਤ ਲਈ ਸਫ਼ੀਰ ਸਟੀਵ ਵਿਟਕੌਫ ਨੂੰ ਭੇਜ ਰਹੇ ਹਨ; ਆਰਮੀ ਸਕੱਤਰ ਡੈਨ ਡਰਿਸਕੌਲ ਯੂਕਰੇਨ ਦੇ ਅਧਿਕਾਰੀਆਂ ਨੂੰ ਮਿਲਣਗੇ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਉਹ ਪੂਤਿਨ ਅਤੇ ਜ਼ੇਲੈਂਸਕੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਸ੍ਰੀ ਜ਼ੇਲੈਂਸਕੀ ਨੇ ਕਿਹਾ ਕਿ ਉਹ ਸੰਜੀਦਾ ਬਕਾਇਆਂ ਮੁੱਦਿਆਂ ’ਤੇ ਚਰਚਾ ਲਈ ਟਰੰਪ ਨੂੰ ਮਿਲ ਸਕਦੇ ਹਨ। ਵਿਟਕੌਫ ਵੱਲੋਂ ਅਗਲੇ ਹਫ਼ਤੇ ਪੂਤਿਨ ਨਾਲ ਮੁਲਾਕਾਤ ਦੌਰਾਨ ਟਰੰਪ ਦਾ ਜਵਾਈ ਜੇਰਡ ਕੁਸ਼ਨਰ ਵੀ ਮੌਜੂਦ ਰਹੇਗਾ। ਇਕ ਦਿਨ ਪਹਿਲਾਂ ਡਰਿਸਕੌਲ ਨੇ ਰੂਸੀ ਅਧਿਕਾਰੀਆਂ ਨਾਲ ਅਬੂ ਧਾਬੀ ’ਚ ਸ਼ਾਂਤੀ ਤਜਵੀਜ਼ ਬਾਰੇ ਵਿਚਾਰ ਵਟਾਂਦਰਾ ਕੀਤਾ। ਉਧਰ, ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਕਿਹਾ ਕਿ ਸ਼ਾਂਤੀ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਵਾਰਤਾ ਸਹੀ ਦਿਸ਼ਾ ਵੱਲ ਅਗਾਂਹ ਵਧ ਰਹੀ ਹੈ। ਉਧਰ, ਰੂਸ ਵੱਲੋਂ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਯੂਕਰੇਨ ਦੀ ਅਮਰੀਕੀ ਕੰਪਨੀਆਂ ’ਤੇ ਟੇਕ ਹੈ। ਯੂਕਰੇਨੀ ਗੈਸ ਕੰਪਨੀ ਨਫਤੋਗਾਜ਼ ਨੇ ਕਿਹਾ ਕਿ ਉਹ ਅਮਰੀਕੀ ਕੰਪਨੀਆਂ ਤੋਂ ਐੱਲ ਐੱਨ ਜੀ ਖਰੀਦਣ ਲਈ ਗੱਲਬਾਤ ਕਰ ਰਹੇ ਹਨ।
ਟਰੰਪ ਨੇ ਦੋ ਪੰਛੀਆਂ ਦੀ ਜਾਨ ਬਖ਼ਸ਼ੀ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਥੈਂਕਸਗਿਵਿੰਗ ਸਮਾਗਮ ਦੌਰਾਨ ਦੋ ਪੰਛੀਆਂ (ਟਰਕੀ) ਦੀ ਜਾਨ ਬਖ਼ਸ਼ ਦਿੱਤੀ। ਉਨ੍ਹਾਂ ਮਜ਼ਾਹੀਆ ਅੰਦਾਜ਼ ’ਚ ਇਹ ਵੀ ਕਿਹਾ ਕਿ ਉਹ ਦੋਹਾਂ ਨੂੰ ਅਲ ਸਲਵਾਡੋਰ ਜੇਲ੍ਹ ਭੇਜਣ ਵਾਲੇ ਸਨ ਜਿਥੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਆਪਣੇ ਡੈਮੋਕਰੈਟਿਕ ਵਿਰੋਧੀਆਂ ਚੱਕ ਸ਼ੂਮਰ ਅਤੇ ਨੈਨਸੀ ਪੇਲੋਸੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਪੰਛੀਆਂ ਦੇ ਨਾਮ ਚੱਕ ਅਤੇ ਨੈਨਸੀ ਹੁੰਦੇ ਤਾਂ ਅਤੇ ਉਹ ਦੋਹਾਂ ਨੂੰ ਕਦੇ ਵੀ ਮੁਆਫ਼ ਨਾ ਕਰਦੇ।

