ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਖਾਲੀ ਨਹੀਂ: ਸ਼ਾਹ
ਆਰ ਜੇ ਡੀ ਅਤੇ ਕਾਂਗਰਸ ’ਤੇ ਨੌਜਵਾਨਾਂ ਨੂੰ ਟਿਕਟਾਂ ਨਾ ਦੇਣ ਦਾ ਦੋਸ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਹਾਗੱਠਜੋੜ ਨੂੰ ‘ਠੱਗ ਗੱਠਜੋੜ’ ਕਰਾਰ ਦਿੰਦਿਆਂ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਆਪਣੇ ਪੁੱਤਰ ਤੇਜਸਵੀ ਯਾਦਵ ਨੂੰ ਬਿਹਾਰ ਦਾ ਮੁੱਖ ਮੰਤਰੀ ਅਤੇ ਸੋਨੀਆ ਗਾਂਧੀ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ ਪਰ ਇਹ ਦੋਵੇਂ ਅਹੁਦੇ ਖਾਲੀ ਨਹੀਂ ਹਨ।
ਦਰਭੰਗਾ, ਸਮਸਤੀਪੁਰ ਅਤੇ ਬੇਗੂਸਰਾਏ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕਈ ਨੌਜਵਾਨ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਜਦਕਿ ਆਰ ਜੇ ਡੀ ਅਤੇ ਕਾਂਗਰਸ ਅਜਿਹਾ ਨਹੀਂ ਕਰ ਸਕੀਆਂ ਕਿਉਂਕਿ ਲਾਲੂ ਜੀ ਪੁੱਤਰ ਨੂੰ ਅਤੇ ਸੋਨੀਆ ਜੀ ਰਾਹੁਲ ਬਾਬਾ ਨੂੰ ਚੋਟੀ ਦੇ ਅਹੁਦੇ ’ਤੇ ਬਿਠਾਉਣਾ ਚਾਹੁੰਦੇ ਹਨ।’’
ਉਨ੍ਹਾਂ ਦਾਅਵਾ ਕੀਤਾ ਕਿ ਲਾਲੂ ਪ੍ਰਸਾਦ ਚਾਰਾ ਅਤੇ ਜ਼ਮੀਨ ਬਦਲੇ ਨੌਕਰੀ ਘੁਟਾਲਿਆਂ ’ਚ ਸ਼ਾਮਲ ਰਹੇ ਹਨ ਜਦਕਿ ਕਾਂਗਰਸ ’ਤੇ 12 ਲੱਖ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ। ਸ਼ਾਹ ਨੇ ਕਿਹਾ ਕਿ ਐੱਨ ਡੀ ਏ ਸਰਕਾਰ ਨੇ ਹੀ ਪੀ ਐੱਫ ਆਈ ’ਤੇ ਪਾਬੰਦੀ ਲਗਾਈ ਅਤੇ ਦੇਸ਼ ਭਰ ਵਿੱਚ ਤਲਾਸ਼ੀ ਮੁਹਿੰਮ ਚਲਾ ਕੇ ਉਸ ਦੇ ਮੈਂਬਰਾਂ ਨੂੰ ਜੇਲ੍ਹ ਭੇਜਿਆ।
ਐੱਨ ਡੀ ਏ ਦੀ ਜਿੱਤ ਨਹਿਰੂ ਨੂੰ ‘ਸੱਚੀ ਸ਼ਰਧਾਂਜਲੀ’ ਹੋਵੇਗੀ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਨੂੰ ਦੋ-ਤਿਹਾਈ ਬਹੁਮੱਤ ਮਿਲਣਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ’ਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਗਾਮੀ 14 ਨਵੰਬਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ਅਤੇ ਉਸੇ ਦਿਨ ਨਹਿਰੂ ਦੀ ਜੈਅੰਤੀ ਵੀ ਹੈ। ਪਟਨਾ ਜ਼ਿਲ੍ਹੇ ਦੇ ਬਾੜ੍ਹ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਬਿਹਾਰ ਦੀ ਜਨਤਾ ‘ਗੁੰਡਾ ਰਾਜ’ ਨਹੀਂ ਚਾਹੁੰਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ‘ਆਰ ਜੇ ਡੀ ਦੇ ਜੰਗਲ ਰਾਜ’ ਤੋਂ ਸੂਬੇ ਨੂੰ ਕਾਫੀ ਹੱਦ ਤੱਕ ਬਾਹਰ ਕੱਢਿਆ ਹੈ।

