Suicide while on video call: ਔਰਤ ਨੇ ਪਤੀ ਨਾਲ ਵੀਡੀਓ ਕਾਲ ਦੌਰਾਨ ਕੀਤੀ ਖ਼ੁਦਕੁਸ਼ੀ
ਸਾਉੂਦੀ ਅਰਬ ਦੇ ਮਦੀਨਾ ਵਿਚ ਨੌਕਰੀ ਕਰਦਾ ਸੀ ਪਤੀ; ਦੋਵਾਂ ਨੇ ਕਰਵਾਇਆ ਸੀ ਅੰਤਰ-ਧਰਮ ਵਿਆਹ; ਪਤੀ ਨਾਲ ਵੀਡੀਓ ਕਾਲ ਦੌਰਾਨ ਬਹਿਸ ਹੋਣ ਪਿੱਛੋਂ ਚੁੱਕਿਆ ਸਿਰੇ ਦਾ ਕਦਮ
ਗੋਰਖਪੁਰ (ਯੂਪੀ), 24 ਮਈ
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਥੇ ਇਕ 28 ਸਾਲਾ ਔਰਤ ਨੇ ਸਾਉੂਦੀ ਅਰਬ ਵਿਚ ਕੰਮ ਲਈ ਗਏ ਹੋਏ ਆਪਣੇ ਪਤੀ ਨਾਲ ਵੀਡੀਓ ਕਾਲ ਦੌਰਾਨ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ 10:30 ਵਜੇ ਦੇ ਕਰੀਬ ਗਿਦਾ ਪੁਲੀਸ ਸਟੇਸ਼ਨ ਅਧੀਨ ਆਉਂਦੇ ਖੇਤਰ ਪਿਪਰੌਲੀ ਵਿੱਚ ਵਾਪਰੀ।
ਮ੍ਰਿਤਕਾ ਦੀ ਪਛਾਣ ਖੁਸ਼ੀ ਵਜੋਂ ਹੋਈ ਹੈ, ਜੋ ਬਿਹਾਰ ਦੇ ਸੀਵਾਨ ਦੀ ਰਹਿਣ ਵਾਲੀ ਹੈ। ਉਸ ਦਾ ਵਿਆਹ ਚਾਰ ਸਾਲ ਪਹਿਲਾਂ ਬਾਂਸਗਾਓਂ ਦੇ ਪੁਰਾਣਾ ਗੋਲਾ ਦੇ ਨਦੀਮ ਅੰਸਾਰੀ ਨਾਲ ਹੋਇਆ ਸੀ। ਆਪਣੇ ਅੰਤਰ-ਧਰਮ ਵਿਆਹ ਕਾਰਨ ਇਹ ਜੋੜਾ ਪਿਪਰੌਲੀ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ।
ਸਰਕਲ ਅਫਸਰ ਰਤਨੇਸ਼ਵਰ ਸਿੰਘ ਨੇ ਕਿਹਾ, "ਨਦੀਮ, ਜੋ ਕਿ ਸਾਊਦੀ ਅਰਬ ਦੇ ਮਦੀਨਾ ਵਿੱਚ ਨੌਕਰੀ ਕਰਦਾ ਹੈ, ਹਾਲ ਹੀ ਵਿੱਚ ਘਰ ਆਇਆ ਸੀ ਪਰ 9 ਮਈ ਨੂੰ ਦੁਬਾਰਾ ਚਲਾ ਗਿਆ। ਸ਼ੁੱਕਰਵਾਰ ਰਾਤ ਨੂੰ ਆਪਣੇ ਪੁੱਤਰ ਆਸਿਫ ਨੂੰ ਬਿਸਤਰੇ 'ਤੇ ਬਿਠਾਉਣ ਤੋਂ ਬਾਅਦ ਖੁਸ਼ੀ ਨੇ ਨਦੀਮ ਨਾਲ ਵੀਡੀਓ ਕਾਲ ਸ਼ੁਰੂ ਕੀਤੀ। ਇਸ ਦੌਰਾਨ ਕਥਿਤ ਤੌਰ 'ਤੇ ਉਨ੍ਹਾਂ ਵਿਚਕਾਰ ਬਹਿਸ ਹੋ ਗਈ ਅਤੇ ਰਾਤ 10:59 ਵਜੇ ਕਾਲ ਕੱਟ ਗਈ।"
ਪੁਲੀਸ ਅਧਿਕਾਰੀ ਮੁਤਾਬਕ ਨਦੀਮ ਨੇ ਤੁਰੰਤ ਇੱਕ ਗੁਆਂਢੀ ਨਾਲ ਸੰਪਰਕ ਕੀਤਾ, ਜੋ ਖੁਸ਼ੀ ਦੇ ਘਰ ਪਹੁੰਚਿਆ। ਦਰਵਾਜ਼ਾ ਬੰਦ ਦੇਖ ਕੇ ਗੁਆਂਢੀ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਖੁਸ਼ੀ ਛੱਤ ਦੇ ਹੁੱਕ ਨਾਲ ਲਟਕ ਰਹੀ ਸੀ।
ਉਨ੍ਹਾਂ ਫ਼ੌਰੀ ਪੁਲੀਸ ਨੂੰ ਸੂਚਿਤ ਕੀਤਾ, ਜਿਸਨੇ ਫਿਰ ਦਰਵਾਜ਼ਾ ਤੋੜਿਆ ਅਤੇ ਉਸਦੀ ਲਾਸ਼ ਬਰਾਮਦ ਕੀਤੀ। ਪੂਰੀ ਘਟਨਾ ਦੌਰਾਨ ਜੋੜੇ ਦਾ ਛੋਟਾ ਬੱਚਾ ਆਪਣੀ ਮਾਂ ਦੇ ਕੋਲ ਸੁੱਤਾ ਰਿਹਾ।
ਅਧਿਕਾਰੀ ਨੇ ਕਿਹਾ, "ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਖੁਸ਼ੀ ਦੀ ਮੌਤ ਦੇ ਹਾਲਾਤ ਦੀ ਤਫ਼ਸੀਲੀ ਜਾਂਚ ਚੱਲ ਰਹੀ ਹੈ।" -ਪੀਟੀਆਈ