ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਮਈ
ਦਿੱਲੀ-ਐੱਨਸੀਆਰ ਵਿੱਚ ਅਤਿ ਦੀ ਗਰਮੀ ਦੌਰਾਨ ਬੁੱਧਵਾਰ ਰਾਤ ਨੂੰ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਅਤੇ ਗੜੇਮਾਰੀ ਹੋਈ। ਕਈ ਥਾਵਾਂ ’ਤੇ ਦਰੱਖਤ, ਬਿਜਲੀ ਦੇ ਖੰਭੇ, ਤਾਰਾਂ, ਕੰਧਾਂ ਅਤੇ ਬਾਲਕੋਨੀਆਂ ਡਿੱਗ ਪਈਆਂ ਅਤੇ ਕਈ ਥਾਵਾਂ ’ਤੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਸਭ ਦੇ ਵਿਚਕਾਰ ਦੋ ਔਰਤਾਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਦਿੱਲੀ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਦੋ-ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਭ ਤੋਂ ਭਿਆਨਕ ਘਟਨਾ ਗ੍ਰੇਟਰ ਨੋਇਡਾ ਦੇ ਸੂਰਜਪੁਰ ਵਿੱਚ ਵਾਪਰੀ ਜਿੱਥੇ ਇੱਕ ਔਰਤ ਦੇ ਸਿਰ ’ਤੇ ਗਰਿੱਲ ਡਿੱਗਣ ਕਾਰਨ ਉਸ ਦਾ ਸਿਰ ਉਸ ਦੇ ਸਰੀਰ ਤੋਂ ਵੱਖ ਹੋ ਗਿਆ। ਮੌਸਮ ਵਿੱਚ ਅਚਾਨਕ ਆਈ ਤਬਦੀਲੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿਵਾਈ ਪਰ ਤੂਫਾਨ ਅਤੇ ਮੀਂਹ ਕਾਰਨ ਕਈ ਥਾਵਾਂ ’ਤੇ ਟਰੈਫਿਕ ਜਾਮ ਅਤੇ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗੋਕਲਪੁਰੀ ਨੇੜੇ ਵਜ਼ੀਰਾਬਾਦ ਰੋਡ ’ਤੇ ਇੱਕ ਦਰੱਖਤ ਡਿੱਗ ਪਿਆ ਅਤੇ ਮੋਟਰਸਾਈਕਲ ਸਵਾਰ ਅਜ਼ਹਰ ਦੀ ਦਰੱਖਤ ਹੇਠਾਂ ਦੱਬਣ ਨਾਲ ਮੌਤ ਹੋ ਗਈ।
ਬੁੱਧਵਾਰ ਸ਼ਾਮ ਨੂੰ ਦਿੱਲੀ ਵਿੱਚ ਨਾਟਕੀ ਮੌਸਮ ਦਾ ਅਨੁਭਵ ਹੋਇਆ ਕਿਉਂਕਿ ਇੱਕ ਸ਼ਕਤੀਸ਼ਾਲੀ ਚੱਕਰਵਾਤੀ ਸਰਕੂਲੇਸ਼ਨ ਨੇ ਸ਼ਹਿਰ ਅਤੇ ਇਸ ਦੇ ਨੇੜਲੇ ਖੇਤਰਾਂ, ਜਿਸ ਵਿੱਚ ਨੋਇਡਾ, ਗੁੜਗਾਓਂ ਅਤੇ ਗਾਜ਼ੀਆਬਾਦ ਸ਼ਾਮਲ ਹਨ, ਵਿੱਚ ਗੜੇਮਾਰੀ, ਧੂੜ ਭਰੀ ਹਨੇਰੀ ਅਤੇ ਮੀਂਹ ਪਿਆ। ਅੱਜ ਸਾਰਾ ਦਿਨ ਪੁਲੀਸ ਵਿਭਾਗ ਅਤੇ ਵਣ ਵਿਭਾਗ ਦੇ ਅਧਿਕਾਰੀਆਂ ਸੜਕਾਂ ’ਤੇ ਦਿਖਾਈ ਦਿੱਤੇ। ਜਿੱਥੇ ਦਰੱਖਤਾਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਉਥੇ ਟਰੈਫਿਕ ਪੁਲੀਸ ਅਤੇ ਵਣ ਵਿਭਾਗ ਦੇ ਕਾਮੇ ਕਾਫ਼ੀ ਮੁਸਤੈਦ ਦਿਖਾਈ ਦਿੱਤੇ।
ਅਚਾਨਕ ਆਏ ਤੂਫ਼ਾਨ ਨੇ ਤੇਜ਼ ਹਵਾਵਾਂ ਅਤੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਲਿਆਂਦੀ, ਜਿਸ ਨਾਲ ਭਾਰਤ ਮੌਸਮ ਵਿਭਾਗ ਨੇ ਪਿਛਲੇ 24 ਘੰਟਿਆਂ ਵਿੱਚ 12 ਮਿਲੀਮੀਟਰ ਬਾਰਿਸ਼ ਦਰਜ ਕੀਤੀ। ਵਿਭਾਗ ਦੇ ਵਿਗਿਆਨੀ ਅਖਿਲ ਸ੍ਰੀਵਾਸਤਵ ਨੇ ਦੱਸਿਆ ਕਿ ਕੱਲ੍ਹ ਇੱਕ ਚੱਕਰਵਾਤੀ ਸਰਕੂਲੇਸ਼ਨ ਸੀ ਅਤੇ ਇਸ ਕਾਰਨ ਇਹ ਤਬਦੀਲੀ ਹੋਈ। ਅੱਜ ਸ਼ਾਮ ਨੂੰ ਗਰਜ-ਤੂਫ਼ਾਨ ਦੀ ਵੀ ਸੰਭਾਵਨਾ ਹੈ। ਅੰਸ਼ਕ ਤੌਰ ‘ਤੇ ਬੱਦਲਵਾਈ ਰਹੀ। ਦਿੱਲੀ ਵਿੱਚ ਅਗਲੇ 2 ਦਿਨਾਂ ਵਿੱਚ ਗਰਜ-ਤੂਫ਼ਾਨ ਅਤੇ ਹਲਕੀ ਤੋਂ ਬਹੁਤ ਹਲਕੀ ਬਾਰਿਸ਼ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੀ ਜਦੋ ਕਿ ਘੱਟੋ ਘੱਟ ਤਾਪਮਾਨ 18 ਡਿਗਰੀ ਦੇ ਆਸ-ਪਾਸ ਮਾਪਿਆ ਗਿਆ।
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਆਏ ਭਿਆਨਕ ਤੂਫਾਨ ਕਾਰਨ ਲਗਪਗ 200 ਕੌਮੀ ਤਿਰੰਗਿਆਂ ਨੂੰ ਨੁਕਸਾਨ ਪਹੁੰਚਿਆ ਹੈ। ਅੱਜ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਅਧਿਕਾਰੀ ਨੇ ਕਿਹਾ ਕਿ 500 ਸਥਾਨਾਂ ’ਤੇ ਲਾਹੇ ਗਏ ਅਜਿਹੇ ਝੰਡਿਆਂ ਦੇ ਰੱਖ ਰਖਾਵ ਲਈ ਇੱਕ ਨਿੱਜੀ ਏਜੰਸੀ ਦੀ ਮਦਦ ਲਈ ਜਾਵੇਗੀ। ਇੱਥੇ 79 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਤੂਫਾਨ ਮਗਰੋਂ ਕਈ ਦਰੱਖਤ ਜੜ੍ਹਾਂ ਤੋਂ ਉਖੜ ਗਏ। ਇਸ ਕਾਰਨ ਰਾਜਧਾਨੀ ਵਿੱਚ ਲੋਕ ਸਹਿਮ ਗਏ। ਲੋਕ ਆਪਣੇ ਘਰਾਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਹਵਾ ਇੰਨੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਕਿ ਸੜਕਾਂ ’ਤੇ ਇੱਕੋ ਸਮੇ ਸੁੰਨ ਪਸਰ ਗਈ।