ਐੱਸ ਆਈ ਆਰ ਵੋਟ ਚੋਰੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼: ਰਾਹੁਲ
ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਛੱਤੀਸਗਡ਼੍ਹ ’ਚ ਵੋਟ ਚੋਰੀ ਹੋਣ ਦਾ ਦਾਅਵਾ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ‘ਵੋਟ ਚੋਰੀ’ ਉੱਤੇ ਪਰਦਾ ਪਾਉਣ ਅਤੇ ਇਸ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਹੈ। ਉਹ ਮੱਧ ਪ੍ਰਦੇਸ਼ ’ਚ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੇ ਸਿਖਲਾਈ ਕੈਂਪ ਲਈ ਨਰਮਦਾਪੁਰਮ ਦੇ ਪਚਮੜੀ ਪਹਾੜੀ ਕਸਬੇ ਵਿਚ ਪਹੁੰਚੇ ਸਨ।
ਕਾਂਗਰਸ ਸੰਸਦ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, ‘‘ਵੋਟ ਚੋਰੀ ਗੰਭੀਰ ਮੁੱਦਾ ਹੈ ਅਤੇ ਹੁਣ ਇਸ ’ਤੇ ਪਰਦਾ ਪਾਉਣ ਤੇ ਐੱਸ ਆਈ ਆਰ ਨੂੰ ਸੰਸਥਾਈ (ਕਾਨੂੰਨੀ ਤੌਰ ’ਤੇ ਵਾਜਿਬ) ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।’’ ਚੋਣ ਕਮਿਸ਼ਨ ਨੇ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਐੱਸ ਆਈ ਆਰ ਦਾ ਅਮਲ 4 ਨਵੰਬਰ ਤੋਂ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰਿਆਣਾ ਵਾਂਗ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਵੀ ‘ਵੋਟ ਚੋਰੀ’ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ, ‘‘ਕੁਝ ਦਿਨ ਪਹਿਲਾਂ ਮੈਂ ਹਰਿਆਣਾ ਬਾਰੇ ਖੁਲਾਸਾ ਕੀਤਾ ਸੀ ਅਤੇ ਮੈਂ ਸਪੱਸ਼ਟ ਤੌਰ ’ਤੇ ਦੇਖਿਆ ਕਿ ਵੋਟ ਚੋਰੀ ਹੋ ਰਹੀ ਸੀ; 25 ਲੱਖ ਵੋਟਾਂ ਚੋਰੀ ਹੋਈਆਂ, ਭਾਵ 8 ਵਿੱਚੋਂ 1 ਵੋਟ ਚੋਰੀ ਹੋਈ। ਇਹ ਦੇਖਣ ਤੋਂ ਬਾਅਦ, ਡੇਟਾ ਦੇਖਣ ਤੋਂ ਬਾਅਦ ਮੇਰਾ ਮੰਨਣਾ ਹੈ ਕਿ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਵੀ ਅਜਿਹਾ ਹੀ ਹੋਇਆ ਅਤੇ ਇਹ ਭਾਜਪਾ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਹੈ।’’
ਉਨ੍ਹਾਂ ਦੋਸ਼ ਲਾਇਆ, ‘‘ਲੋਕਤੰਤਰ ’ਤੇ ਹਮਲਾ ਕੀਤਾ ਜਾ ਰਿਹਾ ਹੈ, ਡਾ. ਅੰਬੇਡਕਰ ਦੇ ਸੰਵਿਧਾਨ ’ਤੇ ਹਮਲਾ ਕੀਤਾ ਜਾ ਰਿਹਾ ਹੈ।

