ਰਾਜਨਾਥ ਵੱਲੋਂ 125 ਬੀ ਆਰ ਓ ਪ੍ਰਾਜੈਕਟ ਦੇਸ਼ ਨੂੰ ਸਮਰਪਿਤ
ਪ੍ਰਾਜੈਕਟਾਂ ਨੂੰ ਸਰਹੱਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲੲੀ ਸਰਕਾਰ ਦੀ ਵਚਨਬੱਧਤਾ ਦੱਸਿਆ
ਰੱਖਿਆ ਮਤਰੀ ਰਾਜਨਾਥ ਸਿੰਘ ਨੇ ਲੇਹ ਤੋਂ ਸਰਹੱਦੀ ਸੜਕ ਸੰਗਠਨ (ਬੀ ਆਰ ਓ) ਦੇ ਹਾਲ ਹੀ ਵਿੱਚ ਮੁਕੰਮਲ ਹੋਏ 125 ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਅਤੇ ਇਨ੍ਹਾਂ ਨੂੰ ਭਾਰਤ ਦੇ ਸਰਹੱਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਰਕਾਰ ਦੀ ਵਚਨਬੱਧਤਾ ਦੀ ਮਿਸਾਲ ਦੱਸਿਆ।
ਲੱਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਲੇਹ ਪਹੁੰਚਣ ’ਤੇ ਰੱਖਿਆ ਮੰਤਰੀ ਦਾ ਸਵਾਗਤ ਕੀਤਾ ਅਤੇ ਉਦਘਾਟਨੀ ਸਮਾਗਮ ’ਚ ਉਨ੍ਹਾਂ ਨਾਲ ਸ਼ਾਮਲ ਹੋਏ। ਰੱਖਿਆ ਮੰਤਰੀ ਨੇ ਕਿਹਾ, ‘‘ਸਾਡੇ ਸੈਨਿਕਾਂ ਦੀ ਬਹਾਦਰੀ ਸਾਡੇ ਲਈ ਪ੍ਰੇਰਨਾ ਹੈ। ਇਹ ਬੁਨਿਆਦੀ ਢਾਂਚਾ ਪ੍ਰਾਜੈਕਟ ਉਨ੍ਹਾਂ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਦੇਸ਼ ਸੇਵਾ ’ਚ ਆਪਣੀ ਜਾਨ ਕੁਰਬਾਨ ਕੀਤੀ ਹੈ।’’ ਰਣਨੀਤਕ ਤੌਰ ’ਤੇ ਅਹਿਮ ਇਨ੍ਹਾਂ ਪ੍ਰਾਜੈਕਟਾਂ ਦਾ ਨਿਰਮਾਣ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਹ ਪ੍ਰਾਜੈਕਟ ਲੱਦਾਖ ਤੇ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਅਰੁਣਾਚਲ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੱਛਮੀ ਬੰਗਾਲ ਤੇ ਮਿਜ਼ੋਰਮ ਸਮੇਤ ਸੱਤ ਰਾਜਾਂ ’ਚ ਫੈਲੇ ਹੋਏ ਹਨ। ਇਨ੍ਹਾਂ ਵਿੱਚ 28 ਸੜਕਾਂ, 93 ਪੁਲ ਤੇ ਚਾਰ ਹੋਰ ਪ੍ਰਾਜੈਕਟ ਸ਼ਾਮਲ ਹਨ।
ਅਪਰੇਸ਼ਨ ਸਿੰਧੂਰ ਦੌਰਾਨ ਸੈਨਾ ਨੇ ਸੰਜਮ ਵਰਤਿਆ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਹਥਿਆਰਬੰਦ ਬਲ ‘ਹੋਰ ਵੀ ਬਹੁਤ ਕੁਝ ਕਰ ਸਕਦੇ ਸਨ’ ਪਰ ਉਨ੍ਹਾਂ ਜਾਣ-ਬੁੱਝ ਕੇ ‘ਸੰਜਮ’ ਤੇ ‘ਤਵਾਜ਼ਨ’ ਭਰੀ ਪ੍ਰਤੀਕਿਰਿਆ ਦਾ ਬਦਲ ਚੁਣਿਆ। ਉਨ੍ਹਾਂ ਕਿਹਾ, ‘‘ਪਿਛਲੇ 10 ਸਾਲਾਂ ’ਚ ਸਾਡੀ ਸਖਤ ਮਿਹਨਤ ਕਾਰਨ, ਸਾਡਾ ਰੱਖਿਆ ਉਤਪਾਦਨ ਜੋ 2014 ’ਚ 46 ਹਜ਼ਾਰ ਕਰੋੜ ਰੁਪਏ ਸੀ, ਹੁਣ ਵੱਧ ਕੇ ਰਿਕਾਰਡ 1.51 ਲੱਖ ਕਰੋੜ ਰੁਪਏ ਹੋ ਗਿਆ ਹੈ। ਸਾਡੀ ਰੱਖਿਆ ਬਰਾਮਦ ਜੋ 10 ਸਾਲ ਪਹਿਲਾਂ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੀ ਘੱਟ ਸੀ, ਹੁਣ ਤਕਰੀਬਨ 24 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਹੈ।’’

