ਜੰਮੂ ਕਸ਼ਮੀਰ ਪੁਲੀਸ ਨੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਅਤਿਵਾਦੀ ਜਥੇਬੰਦੀਆਂ ਨੂੰ ਮਦਦ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਤਹਿਤ ਅੱਜ ਕਸ਼ਮੀਰ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇ ਵਾਦੀ ਦੇ ਅਨੰਤਨਾਗ, ਸੋਪੋਰ, ਕੁਲਗਾਮ ਅਤੇ ਹੰਦਵਾੜਾ ਇਲਾਕਿਆਂ ’ਚ ਮਾਰੇ ਗਏ। ਇਸ ਦੌਰਾਨ ਕਈ ਸ਼ੱਕੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਵਿੱਚ ਪੁਲੀਸ ਨੇ ਪਹਿਲਗਾਮ ਦੇ ਲਿਵਰ ਇਲਾਕੇ ਵਿੱਚ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਖ਼ੁਦ ਬਣੇ ਕਮਾਂਡਰ ਗੁਲਾਮ ਨਬੀ ਉਰਫ਼ ਆਮਿਰ ਖਾਨ ਅਤੇ ਉਸ ਦੇ ਵਿੱਤੀ ਮੁਖੀ ਜ਼ਫ਼ਰ ਭੱਟ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਖਾਨ ਤੇ ਭੱਟ 1990 ਦੇ ਦਹਾਕੇ ਵਿੱਚ ਭੱਜ ਕੇ ਪਾਕਿਸਤਾਨ ਚਲੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਹ ਭਾਰਤ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਸਰਹੱਦ ਪਾਰ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੰਦਵਾੜਾ ਵਿੱਚ, ਸਰਹੱਦ ਪਾਰ ਤੋਂ ਸਰਗਰਮ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਨਾਲ ਜੁੜੇ ਵਿਅਕਤੀਆਂ ਦੇ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਦੇ ਘਰਾਂ ਤੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਖੇਤਰ ਦੇ ਅੰਦਰ ਤੋਂ ਇਨ੍ਹਾਂ ਦੇਸ਼ ਵਿਰੋਧੀ ਤੱਤਾਂ ਤੱਕ ਪਹੁੰਚ ਰਹੇ ਕਿਸੇ ਵੀ ਸੰਪਰਕ, ਸਮੱਗਰੀ ਸਹਾਇਤਾ ਜਾਂ ਸੰਚਾਰ ਦਾ ਪਤਾ ਲਗਾਉਣਾ ਸੀ। ਉਨ੍ਹਾਂ ਕਿਹਾ ਕਿ ਕੁਲਗਾਮ ’ਚ ਛਾਪੇ ਮਾਰਨ ਦੀ ਮੁਹਿੰਮ ਦੌਰਾਨ ਸਰਹੱਦ ਪਾਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਇਸ਼ਾਰੇ ’ਤੇ ਅਤਿਵਾਦੀ ਗਤੀਵਿਧੀਆਂ ਨੂੰ ਸੁਵਿਧਾਜਨਕ ਬਣਾਉਣ, ਫੰਡਿੰਗ ਕਰਨ ਅਤੇ ਹੱਲਾਸ਼ੇਰੀ ਦੇਣ ’ਚ ਸ਼ਾਮਲ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ਸ਼ੱਕੀ ਮਦਦਗਾਰਾਂ ਅਤੇ ਸਮਰਥਕਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਕੋਲੋਂ ਡੂੰਘੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

