ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਜੰਮੂ ਕਸ਼ਮੀਰ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਮਿਲੀਆਂ ਸੀਮਤ ਸ਼ਕਤੀਆਂ ਦੇ ਬਾਵਜੂਦ ਪਹਿਲੇ ਸਾਲ ਵਿੱਚ ਬਹੁਤ ਕੁਝ ਹਾਸਲ ਕੀਤਾ ਗਿਆ ਹੈ। ਪਾਰਟੀ ਦੇ ਬਾਨੀ ਸ਼ੇਖ ਅਬਦੁੱਲਾ ਦੇ 120ਵੇਂ ਜਨਮ ਦਿਨ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਸਿਰਫ਼ ਇਹ ਦੱਸਦੇ ਹਨ ਕਿ ਕੀ ਨਹੀਂ ਹੋਇਆ, ਇਹ ਨਹੀਂ ਦੱਸਦੇ ਕਿ ਕੀ ਹਾਸਲ ਹੋਇਆ ਹੈ।
ਸ੍ਰੀ ਅਬਦੁੱਲਾ ਨੇ ਕਿਹਾ ਕਿ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਅੱਜ ਲੋਕ ਆਜ਼ਾਦੀ ਨਾਲ ਘੁੰਮ ਸਕਦੇ ਹਨ ਤੇ ਬੋਲ ਸਕਦੇ ਹਨ। ਸਾਰੀਆਂ ਸ਼ਕਤੀਆਂ ਉਪ ਰਾਜਪਾਲ ਕੋਲ ਹੋਣ ਦੇ ਬਾਵਜੂਦ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੌਜਵਾਨਾਂ ਨੂੰ ਆਉਣ ਵਾਲੀਆਂ ਮਿਉਂਸਿਪਲ ਅਤੇ ਪੰਚਾਇਤੀ ਚੋਣਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਪਹਿਲੀ ਵਾਰ ਰਾਜੌਰੀ ਦੇ ਪਿੰਡਾਂ ਤੱਕ ਪੁੱਜੀ ਸੜਕ
ਰਾਜੌਰੀ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਸਬ ਡਿਵੀਜ਼ਨ ਦੇ ਦੂਰ-ਦੁਰਾਡੇ ਪਿੰਡਾਂ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੱਕੀ ਸੜਕ ਦੀ ਸਹੂਲਤ ਮਿਲੀ ਹੈ। ਨਾਬਾਰਡ ਸਕੀਮ ਤਹਿਤ ਪੱਟਾ ਤੋਂ ਘੋਦਾਰ ਪਿੰਡ ਤੱਕ ਬਣਾਈ ਗਈ ਇਸ ਸੜਕ ਨੇ 5-6 ਪਿੰਡਾਂ ਨੂੰ ਤਹਿਸੀਲ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ਨਾਲ ਜੋੜ ਦਿੱਤਾ ਹੈ।

