ਅਪਰੇਸ਼ਨ ਸਿੰਧੂ: ਇਰਾਨ ’ਚੋਂ 827 ਭਾਰਤੀ ਸੁਰੱਖਿਅਤ ਕੱਢੇ
ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈ):ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਇਰਾਨ-ਇਜ਼ਰਾਈਲ ਵਿਚਾਲੇ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਅਪਰੇਸ਼ਨ ਸਿੰਧੂ ਤਹਿਤ ਭਾਰਤ ਨੇ ਹੁਣ ਤੱਕ 827 ਭਾਰਤੀ ਨਾਗਰਿਕਾਂ ਨੂੰ ਇਰਾਨ ’ਚੋਂ ਕੱਢਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਰਾਨ ਤੇ ਤੁਰਕਮੇਨਿਸਤਾਨ ਤੋਂ ਆਈਆਂ ਤਿੰਨ ਉਡਾਣਾਂ ਦੇ ਵੇਰਵੇ ਸਾਂਝੇ ਕੀਤੇ ਹਨ। ਇਨ੍ਹਾਂ ’ਚੋਂ ਇੱਕ ਉਡਾਣ ਲੰਘੀ ਰਾਤ 11.30 ਜਦਕਿ ਦੋ ਉਡਾਣਾਂ ’ਚੋਂ ਇੱਕ ਅੱਜ ਤੜਕੇ 3 ਵਜੇ ਅਤੇ ਦੂਜੀ ਸ਼ਾਮ 4.30 ਵਜੇ ਪੁੱਜੀ ਹੈ।ਉਨ੍ਹਾਂ ਦੱਸਿਆ, ‘ਭਾਰਤ ਨੇ 20 ਜੂਨ ਨੂੰ ਰਾਤ 11.30 ਵਜੇ ਨਵੀਂ ਦਿੱਲੀ ਪੁੱਜੇ ਇੱਕ ਚਾਰਟਰਡ ਜਹਾਜ਼ ਰਾਹੀਂ ਇਰਾਨ ਤੋਂ ਵਿਦਿਆਰਥੀਆਂ ਤੇ ਤੀਰਥ ਯਾਤਰੀਆਂ ਸਮੇਤ 290 ਨਾਗਰਿਕਾਂ ਨੂੰ ਕੱਢਿਆ। ਤੁਰਕਮੇਨਿਸਤਾਨ ਦੇ ਅਸ਼ਗਾਬਾਤ ਤੋਂ ਇੱਕ ਵਿਸ਼ੇਸ਼ ਉਡਾਣ ਸਵੇਰੇ 3 ਵਜੇ ਉੱਤਰੀ ਜਿਸ ’ਚ 227 ਭਾਰਤੀ ਸਵਾਰ ਸਨ। ਮਸ਼ਾਦ ਤੋਂ ਇੱਕ ਹੋਰ ਉਡਾਣ 310 ਭਾਰਤੀਆਂ ਨੂੰ ਲੈ ਕੇ ਸ਼ਾਮ 4.30 ਵਜੇ ਉਤਰੀ। ਇਸ ਦੇ ਨਾਲ ਹੀ 827 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਸਾਡੀ ਸਰਕਾਰ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਲਈ ਇਰਾਨ ਦਾ ਧੰਨਵਾਦ ਕਰਦੀ ਹੈ।’ਜਾਇਸਵਾਲ ਨੇ ਐਕਸ ’ਤੇ ਲਿਖਿਆ ਕਿ ਲੰਘੀ ਰਾਤ ਸਾਢੇ 11 ਵਜੇ ਨਵੀਂ ਦਿੱਲੀ ਪੁੱਜੇ ਭਾਰਤੀਆਂ ਦਾ ਸਕੱਤਰ (ਸੀਪੀਵੀ ਤੇ ਓਆਈਏ) ਅਰੁਣ ਚੈਟਰਜੀ ਨੇ ਸਵਾਗਤ ਕੀਤਾ।’ ਇਸ ਤੋਂ ਪਹਿਲਾਂ ਲੰਘੇ ਵੀਰਵਾਰ 110 ਭਾਰਤੀ ਨਾਗਰਿਕਾਂ ਦਾ ਪਹਿਲਾ ਬੈਚ ਭਾਰਤ ਪਹੁੰਚਿਆ ਸੀ। ਇਸੇ ਦੌਰਾਨ ਇੱਕ ਅਧਿਕਾਰੀ ਨੇ ਦੱਸਿਆ ਕਿ ਇਜ਼ਰਾਈਲ ’ਚ ਮੌਜੂਦ ਭਾਰਤੀਆਂ ਨੂੰ ਜੌਰਡਨ ਤੇ ਮਿਸਰ ਨਾਲ ਲੱਗਦੀ ਜ਼ਮੀਨੀ ਸਰਹੱਦ ਰਾਹੀਂ ਕੱਢਿਆ ਜਾ ਰਿਹਾ ਹੈ। ਅੰਮਾਨ (ਜੌਰਡਨ) ਤੋਂ ਨਵੀਂ ਦਿੱਲੀ ਲਈ ਉਡਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜੰਮੂ ਅਤੇ ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ ਨੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਰਾਨ ’ਚੋਂ ਸਾਰੇ ਭਾਰਤੀਆਂ ਨੂੰ ਕੱਢ ਰਿਹਾ ਹੈ ਭਾਰਤ: ਅੰਬੈਸੀ
ਤਹਿਰਾਨ: ਇਰਾਨ ਤੇ ਇਜ਼ਰਾਈਲ ’ਚ ਜਾਰੀ ਸੰਘਰਸ਼ ਵਿਚਾਲੇ ਭਾਰਤ ਇਰਾਨ ’ਚੋਂ ਆਪਣੇ ਸਾਰੇ ਨਾਗਰਿਕਾਂ ਨੂੰ ਕੱਢ ਰਿਹਾ ਹੈ। ਇੱਥੇ ਸਥਿਤ ਭਾਰਤੀ ਦੂਤਘਰ ਨੇ ਅੱਜ ਐਕਸ ’ਤੇ ਪੋਸਟ ’ਚ ਐਮਰਜੈਂਸੀ ਸੰਪਰਕ ਨੰਬਰ ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੁਹੱਈਆ ਕੀਤਾ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਭਾਰਤੀ ਦੂਤਘਰ ਇਰਾਨ ’ਚੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਕੱਢ ਰਿਹਾ ਹੈ। ਇੱਕ ਹੋਰ ਪੋਸਟ ’ਚ ਦੂਤਘਰ ਨੇ ਕਿਹਾ ਕਿ ਉਹ ਨੇਪਾਲ ਤੇ ਸ੍ਰੀਲੰਕਾ ਦੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ’ਚ ਕਿਹਾ ਗਿਆ ਹੈ ਕਿ ਨੇਪਾਲ ਤੇ ਸ੍ਰੀਲੰਕਾ ਦੀਆਂ ਸਰਕਾਰਾਂ ਦੀ ਮੰਗ ’ਤੇ ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੋਸਟ ’ਚ ਨੇਪਾਲ ਤੇ ਸ੍ਰੀਲੰਕਾ ਦੇ ਨਾਗਰਿਕਾਂ ਲਈ ਦੂਤਘਰ ਦੇ ਟੈਲੀਗ੍ਰਾਮ ਚੈਨਲ ਜਾਂ ਐਮਰਜੈਂਸੀ ਨੰਬਰ ’ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ