ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਐੱਨ ਡੀ ਏ ਦੀ ਜਿੱਤ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵੇ ਅੱਜ ਖਾਰਜ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਦਾ ‘400 ਪਾਰ’ ਵਾਲਾ ਦਾਅਵਾ ਵੀ ਲੋਕ ਸਭਾ ਚੋਣਾਂ ’ਚ ਪੂਰੀ ਤਰ੍ਹਾਂ ਗਲਤ ਸਾਬਤ ਹੋਇਆ ਸੀ। ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੇ ਗੱਠਜੋੜ ’ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਿਉਂਕਿ ਇਹ ਵੀ ਸਪੱਸ਼ਟ ਨਹੀਂ ਹੈ ਕਿ ਜੇ ਡੀ ਯੂ ਮੁਖੀ ਤੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹੇ ਨਿਤੀਸ਼ ਕੁਮਾਰ ਨੂੰ ਮੁੜ ਮੁੱਖ ਮੰਤਰੀ ਦੇ ਅਹੁਦੇ ਲਈ ਹਮਾਇਤ ਮਿਲੇਗੀ ਜਾਂ ਨਹੀਂ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਕੁਝ ਵੀ ਕਹਿ ਸਕਦੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ‘400 ਪਾਰ’ ਕਹਿੰਦੇ ਰਹੇ ਪਰ ਹੋਇਆ ਕੀ? ਭਾਜਪਾ ਬਹੁਮਤ ਤੋਂ ਦੂਰ ਰਹਿ ਗਈ ਅਤੇ ਹੁਣ ਉਹ ਜੇ ਡੀ ਯੂ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਜਿਹੇ ਸਹਿਯੋਗੀਆਂ ’ਤੇ ਨਿਰਭਰ ਹੈ।’’ ਜਦੋਂ ਉਨ੍ਹਾਂ ਦਾ ਧਿਆਨ ਸ਼ਾਹ ਦੇ ਇਸ ਦਾਅਵੇ ਵੱਲ ਦਿਵਾਇਆ ਗਿਆ ਕਿ ਬਿਹਾਰ ਵਿਧਾਨ ਸਭਾ ਦੀਆਂ 243 ਸੀਟਾਂ ’ਚੋਂ ਐੱਨ ਡੀ ਏ ਨੂੰ ‘160 ਤੋਂ ਵੱਧ’ ਸੀਟਾਂ ਮਿਲਣਗੀਆਂ ਤਾਂ ਖੜਗੇ ਨੇ ਕਿਹਾ, ‘‘ਮੈਂ ਮੁੜ ਉਹੀ ਕਹਾਂਗਾ, ਉਨ੍ਹਾਂ ਦਾ 400 ਪਾਰ ਵਾਲਾ ਦਾਅਵਾ ਯਾਦ ਰੱਖੋ ਜੋ ਬੁਰੀ ਤਰ੍ਹਾਂ ਨਾਕਾਮ ਰਿਹਾ।’’ ਪ੍ਰਧਾਨ ਮੰਤਰੀ ਦੇ ਇਸ ਦੋਸ਼ ’ਤੇ ਖੜਗੇ ਨੇ ਸਖਤ ਪ੍ਰਤੀਕਿਰਿਆ ਦਿੱਤੀ ਕਿ ਕਾਂਗਰਸ ਆਰ ਜੇ ਡੀ ਆਗੂ ਤੇਜਸਵੀ ਯਾਦਵ ਨੂੰ ਮਹਾਗੱਠਜੋੜ ਦਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੇ ਖ਼ਿਲਾਫ਼ ਸੀ ਤੇ ਉਸ ਨੇ ਦਬਾਅ ਹੇਠ ਆ ਕੇ ਅਜਿਹਾ ਕੀਤਾ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਸਾਨੂੰ ਕੋਈ ਡਰਾ ਨਹੀਂ ਸਕਦਾ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਨਹੀਂ। ਮਹਾਗੱਠਜੋੜ ਸੱਤਾ ’ਚ ਆਵੇਗਾ।’’
ਕੇਂਦਰ ਨੇ ਬਿਹਾਰ ਦਾ ਅਪਮਾਨ ਕੀਤਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਸ ਨੇ ਮਾਤਾ ਸੀਤਾ ਦਾ ਸੀਤਾਮੜ੍ਹੀ ’ਚ ਜਨਮ ਹੋਣ ਦਾ ਕੋਈ ਸਬੂਤ ਨਾ ਹੋਣ ਦਾ ਦਾਅਵਾ ਕਰ ਕੇ ਬਿਹਾਰ ਅਤੇ ਮਿਥਿਲਾ ਦੀ ਪਛਾਣ ਦਾ ਅਪਮਾਨ ਕੀਤਾ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਇਸ ਅਪਮਾਨ ਲਈ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਟੈਕਸਟਾਈਲ ਪਾਰਕ ਸਥਾਪਤ ਨਾ ਕਰਕੇ ਅਤੇ ਮੋਤੀਹਾਰੀ-ਸ਼ਿਵਹਰ-ਸੀਤਾਮੜ੍ਹੀ ਰੇਲ ਲਿੰਕ ਰੱਦ ਕਰ ਕੇ ਬਿਹਾਰ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਨੇ 12 ਅਪਰੈਲ 2017 ਨੂੰ ਰਾਜ ਸਭਾ ’ਚ ਕਿਹਾ ਸੀ ਕਿ ਮਾਤਾ ਸੀਤਾ ਦੇ ਸੀਤਾਮੜ੍ਹੀ ’ਚ ਜਨਮ ਲੈਣ ਦਾ ਕੋਈ ਇਤਿਹਾਸਕ ਸਬੂਤ ਨਹੀਂ ਹੈ ਅਤੇ ਇਹ ਬਿਆਨ ਬਿਹਾਰ ਦੀ ਆਸਥਾ ਤੇ ਮਿਥਿਲਾ ਦੀ ਪਛਾਣ ਅਤੇ ਸਭਿਆਚਾਰ ਦੇ ਮਾਣ ਦਾ ਸਿੱਧਾ ਅਪਮਾਨ ਹੈ।

