ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੀ ਛੇ ਦਿਨਾਂ ਸਰਕਾਰੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਅੰਗੋਲਾ ਪਹੁੰਚੇ ਜਿਸ ਤੋਂ ਬਾਅਦ ਉਹ ਗੁਆਂਢੀ ਦੇਸ਼ ਬੋਤਸਵਾਨਾ ਵੀ ਜਾਣਗੇ। ਮੁਰਮੂ 8 ਤੋਂ 13 ਨਵੰਬਰ ਤੱਕ ਸਰਕਾਰੀ ਦੌਰੇ ’ਤੇ ਰਹਿਣਗੇ।
ਵਿਦੇਸ਼ ਮੰਤਰਾਲੇ ਨੇ ਰਾਸ਼ਟਰਪਤੀ ਮੁਰਮੂ ਦੇ ਇਸ ਸਰਕਾਰੀ ਦੌਰੇ ਨੂੰ ਭਾਰਤ ਦੇ ਅਫ਼ਰੀਕੀ ਖੇਤਰ ਵਿੱਚ ਦੋਵਾਂ ਦੇਸ਼ਾਂ ਨਾਲ ਸਹਿਯੋਗ ਅਤੇ ਭਾਈਵਾਲੀ ਨੂੰ ਵਧਾਉਣ ਲਈ ਨਵੇਂ ਰਸਤੇ ਖੋਲ੍ਹਣ ਦੇ ਯਤਨਾਂ ਦੀ ਕੜੀ ਦੱਸਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ, ਇਹ ਕਿਸੇ ਭਾਰਤੀ ਰਾਜ ਦੇ ਮੁਖੀ ਦਾ ਇਨ੍ਹਾਂ ਦੇਸ਼ਾਂ ਦਾ ਪਹਿਲਾ ਸਰਕਾਰੀ ਦੌਰਾ ਹੈ। ਅੰਗੋਲਾ ਦੇ ਵਿਦੇਸ਼ ਮੰਤਰੀ ਟੇਟੇ ਐਂਟੋਨੀਓ ਅਤੇ ਦੋਵਾਂ ਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਰਾਜਧਾਨੀ ਲੁਆਂਡਾ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਮੁਰਮੂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਅਗਲੇ ਤਿੰਨ ਦਿਨਾਂ ਲਈ ਇੱਥੇ ਉੱਚ-ਪੱਧਰੀ ਮੀਟਿੰਗਾਂ ਕਰਨਗੇ। ਇਸ ਸਮੇਂ ਦੌਰਾਨ, ਉਹ ਆਪਣੇ ਅੰਗੋਲਾ ਦੇ ਹਮਰੁਤਬਾ ਜੋਓਓ ਮੈਨੂਅਲ ਗੋਨਕਾਲਵੇਸ ਲੌਰੇਂਕੋ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਅਫਰੀਕੀ ਰਾਸ਼ਟਰ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਣਗੇ।
ਦੋਵਾਂ ਮੁਲਕਾਂ ਵੱਲੋਂ ਕਈ ਸਮਝੌਤੇ ਸਹੀਬੰਦ
ਲੁਆਂਡਾ: ਭਾਰਤ ਅਤੇ ਅੰਗੋਲਾ ਨੇ ਅੱਜ ਅਫ਼ਰੀਕੀ ਦੇਸ਼ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਅਧਿਕਾਰਤ ਦੌਰੇ ਦੇ ਪਹਿਲੇ ਦਿਨ ਮੱਛੀ ਪਾਲਣ, ਜਲ ਖੇਤੀ ਅਤੇ ਸਮੁੰਦਰੀ ਸਰੋਤਾਂ ਵਰਗੇ ਵਿਸ਼ਿਆਂ ’ਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਸਮਝੌਤੇ ਸਹੀਬੱਧ ਕੀਤੇ। ਇਸ ਦੌਰਾਨ ਮੁਰਮੂ ਨੇ ਕਿਹਾ ਕਿ ਭਾਰਤ ਅਤੇ ਅੰਗੋਲਾ ਦਰਮਿਆਨ ਭਾਈਵਾਲੀ ਆਪਸੀ ਵਿਸ਼ਵਾਸ, ਸਨਮਾਨ ਅਤੇ ਜਨਤਾ ਦੀ ਖੁਸ਼ਹਾਲੀ ਲਈ ਇਕ ਸਾਂਝੇ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ।

