‘ਨੌਸ਼ਹਿਰਾ ਦੇ ਸ਼ੇਰ’ ਬ੍ਰਿਗੇਡੀਅਰ ਉਸਮਾਨ ਦਾ ਸ਼ਹੀਦੀ ਦਿਵਸ ਮਨਾਇਆ
ਨਵੀਂ ਦਿੱਲੀ, 3 ਜੁਲਾਈ
ਭਾਰਤੀ ਫੌਜ ਨੇ 1947-48 ਵਿੱਚ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦ ਤੇ ‘ਨੌਸ਼ਹਿਰਾ ਦੇ ਸ਼ੇਰ’ ਵਜੋਂ ਜਾਣੇ ਜਾਂਦੇ ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ ਅੱਜ ਉਨ੍ਹਾਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਬ੍ਰਿਗੇਡੀਅਰ ਉਸਮਾਨ ਨੇ ਨੌਸ਼ਹਿਰਾ ਦੀ ਜੰਗ ’ਚ ਦਲੇਰੀ ਨਾਲ ਅਗਵਾਈ ਕੀਤੀ ਸੀ, ਜਿਸ ਨਾਲ ਸਥਿਤੀ ਭਾਰਤੀ ਫੌਜ ਦੇ ਪੱਖ ਵਿੱਚ ਹੋ ਗਈ ਸੀ। ਫੌਜ ਨੇ ਇਹ ਜਾਣਕਾਰੀ ਦਿੱਤੀ।
ਬ੍ਰਿਗੇਡੀਅਰ ਉਸਮਾਨ ਦੀ ਬਰਸੀ ਮੌਕੇ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਨੇੜੇ ਕਬਰਿਸਤਾਨ ’ਚ ਉਨ੍ਹਾਂ ਦੀ ਕਬਰ ’ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਉਨ੍ਹਾਂ ਨੇ ਨੌਸ਼ਹਿਰਾ ਤੇ ਝਾਂਗਰ ਇਲਾਕੇ ’ਚ ਮੁੜ ਕਬਜ਼ਾ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਜੰਮੂ ਕਸ਼ਮੀਰ ਦੇ ਨੌਸ਼ਹਿਰਾ ’ਚ ਲੜਾਈ ਦੌਰਾਨ ਬਹਾਦਰੀ ਦਿਖਾਉਣ ਬਦਲੇ ਉਸਮਾਨ ਨੂੰ ‘ਨੌਸ਼ਹਿਰਾ ਦਾ ਸ਼ੇਰ’ ਲਕਬ ਮਿਲਿਆ ਸੀ ਤੇ ਦੇਸ਼ ਲਈ ਸੇਵਾਵਾਂ ਬਦਲੇ
ਉਨ੍ਹਾਂ ਨੂੰ ਮਰਨ ਉਪਰੰਤ ‘ਮਹਾਵੀਰ ਚੱਕਰ’ ਨਾਲ ਨਿਵਾਜਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਬ੍ਰਿਗੇਡੀਅਰ ਮੁਹੰਮਦ ਉਸਮਾਨ 3 ਜੁਲਾਈ 1948 ਨੂੰ ਸ਼ਹੀਦ ਹੋਏ ਸਨ। ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸੀ, ਜਿਸ ਵਿੱਚ ਤਤਕਾਲੀ ਗਵਰਨਰ ਜਨਰਲ ਲਾਰਡ ਮਾਊਂਟਬੈਟਨ, ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਕੇਂਦਰੀ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਸ਼ੇਖ ਅਬਦੁੱਲ੍ਹਾ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਉਸਮਾਨ ਨੇ ਹੌਸਲੇ ਤੇ ਅਗਵਾਈ ਦੇ ਬੇਮਿਸਾਲ ਗੁਣਾਂ ਅਤੇ ਫਰਜ਼ਾਂ ਪ੍ਰਤੀ ਸਮਰਪਣ ਦੀ ਅਹਿਮ ਮਿਸਾਲ ਕਾਇਮ ਕੀਤੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜ ਦੇ ਓਐੱਲਐੱਸਐੱਮ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਤੇ ਪੈਰਾਸ਼ੂਟ ਰੈਜੀਮੈਂਟ ਦੇ ਕਰਨਲ ਨੇ ਬ੍ਰਿਗੇਡੀਆਰ ਉਸਮਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਜੰਗੀ ਨਾਇਕ ਦੇ ਸਨਮਾਨ ਲਈ ਲਈ ਫੌਜ ਮੁਖੀ ਵੱਲੋਂ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸਮਾਗਮ ’ਚ ਕਈ ਸੇਵਾਮੁਕਤ ਫੌਜੀ ਅਧਿਕਾਰੀ ਵੀ ਸ਼ਾਮਲ ਹੋਏ। ਇਸ ਦੌਰਾਨ ਅੱਜ ਪ੍ਰਕਾਸ਼ਨ ਸਮੂਹ ਬਲੂਮਜ਼ਬਰੀ ਇੰਡੀਆ ਨੇ ਐਲਾਨ ਕੀਤਾ ਕਿ ਬ੍ਰਿਗੇਡੀਅਰ ਮੁਹੰਮਦ ਉਸਮਾਨ ਦੀ ਜ਼ਿੰਦਗੀ ’ਤੇ ਅਧਾਰਿਤ ਕਿਤਾਬ ‘ਦਿ ਲਾਇਨ ਆਫ ਨੌਸ਼ਹਿਰਾ’ 17 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਕਿਤਾਬ ਜ਼ਿਆ ਉਸ ਸਲਾਮ ਤੇ ਆਨੰਦ ਮਿਸ਼ਰਾ ਨੇ ਲਿਖੀ ਹੈ। -ਪੀਟੀਆਈ
ਬ੍ਰਿਗੇਡੀਅਰ ਉਸਮਾਨ ਦੀ ਯਾਦ ’ਚ ਝਾਂਗਰ ਦਿਵਸ ਮਨਾਇਆ
ਰਾਜੌਰੀ/ਜੰਮੂ: ਭਾਰਤੀ ਫੌਜ ਨੇ ਸ਼ਹੀਦ ਬ੍ਰਿਗੇਡੀਅਰ ਮੁਹੰਮਦ ਉਸਮਾਨ ਦੀ ਯਾਦ ’ਚ ਅੱਜ ‘ਝਾਂਗਰ ਦਿਵਸ’ ਮਨਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬ੍ਰਿਗੇਡੀਅਰ ਉਸਮਾਨ ਰਾਜੌਰੀ ਦੇ ਨੌਸ਼ਹਿਰਾ ਸੈਕਟਰ ’ਚ ਆਪਰੇਸ਼ਨ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਅਗਵਾਈ ਹੇਠ ਹੋਈ ‘ਝਾਂਗਰ ਦੀ ਲੜਾਈ’ ਨੇ ਇਸ ਇਲਾਕੇ ਦੀ ਰੱਖਿਆ ’ਚ ਅਹਿਮ ਭੂਮਿਕਾ ਨਿਭਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 80ਵੀਂ ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਤੇ ਬਾਲ ਸੈਨਿਕ ਸ੍ਰੀ ਬਸੰਤ ਸਿੰਘ ਵੱਲੋਂ ਝਾਂਗਰ ਵਿੱਚ ਉਸਮਾਨ ਸਮਾਰਕ ’ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬ੍ਰਿਗੇਡੀਅਰ ਮੁਹੰਮਦ ਉਸਮਾਨ ਤੇ ਦੇਸ਼ ਲਈ ਜਾਨਾਂ ਵਾਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਜੰਗੀ ਪੁਰਸਕਾਰ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ। -ਪੀਟੀਆਈ