ਕੋਲਕਾਤਾ, 1 ਜੂਨਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਮਮਤਾ ਬੈਨਰਜੀ ਮੁਸਲਿਮ ਵੋਟਰਾਂ ਨੂੰ ਖੁਸ਼ ਕਰਨ ਲਈ ਅਪਰੇਸ਼ਨ ਸਿੰਧੂਰ ਤੇ ਵਕਫ਼ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਹਾਲ ਹੀ ’ਚ ਮੁਰਸ਼ਿਦਾਬਾਦ ’ਚ ਦੰਗੇ ਕਥਿਤ ਸਰਕਾਰ ਦੀ ਸ਼ਹਿ ’ਤੇ ਹੋਏ ਸਨ। ਸ੍ਰੀ ਸ਼ਾਹ ਨੇ ਇਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਗਲੇ ਸਾਲ ਪੱਛਮੀ ਬੰਗਾਲ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਰੂਪ ’ਚ ਮਮਤਾ ਬੈਨਰਜੀ ਦਾ ਕਾਰਜਕਾਲ ਅਗਲੇ ਸਾਲ ਖ਼ਤਮ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਦਾ ਵਿਰੋਧ ਕਰ ਕੇ ਮਮਤਾ ਬੈਨਰਜੀ ਦੇਸ਼ ਦੀਆਂ ਮਾਵਾਂ ਤੇ ਭੈਣਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਬੰਗਾਲ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਪਰੇਸ਼ਨ ਸਿੰਧੂਰ ਦਾ ਵਿਰੋਧ ਕਰਨ ਵਾਲਿਆਂ ਨੂੰ ਸਿੰਧੂਰ ਦੀ ਕੀਮਤ ਸਮਝਾਉਣ। ਜਾਣਕਾਰੀ ਅਨੁਸਾਰ ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਅਪਰੇਸ਼ਨ ਸਿੰਧੂਰ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਸੀ। -ਪੀਟੀਆਈ