Los Angeles: ਸੜਕ ’ਤੇ ਹਥਿਆਰ ਲਹਿਰਾਉਂਦਾ ਪੰਜਾਬੀ ਪੁਲੀਸ ਦੀ ਗੋਲੀ ਨਾਲ ਹਲਾਕ
ਲਾਸ ਏਂਜਲਸ ਦੀ ਗਲੀ ਵਿੱਚ ਚਾਕੂ ਲਹਿਰਾਉਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਸਿੱਖ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਦੀ ਬਾਅਦ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਆਰਕੇਡੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ 13 ਜੁਲਾਈ ਦੀ ਸਵੇਰ ਕਾਰ ਦਾ ਪਿੱਛਾ ਕਰਨ ਮੌਕੇ ਲਾਸ ਏਂਜਲਸ ਪੁਲੀਸ ਵਿਭਾਗ (LAPD) ਦੇ ਅਧਿਕਾਰੀਆਂ ਦੀ ਗੋਲੀ ਲੱਗੀ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ ਪਰ 17 ਜੁਲਾਈ ਨੂੰ ਉਹ ਆਪਣੀ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
LAPD ਨੇ ਘਟਨਾ ਦਾ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਗੁਰਪ੍ਰੀਤ ਸਿੰਘ ਸੜਕ ’ਤੇ ਲੰਘਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਵੱਲ 27 ਇੰਚ ਲੰਬਾ ਚਾਕੂ ਲਹਿਰਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਗੁਰਪ੍ਰੀਤ ਸਿੰਘ ਚਾਕੂ ਨਾਲ ਆਪਣੀ ਜੀਭ ਕੱਟਣ ਦਾ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ।
LAPD ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਨੇ ਗੁਰਪ੍ਰੀਤ ਸਿੰਘ ਨੂੰ ਹਥਿਆਰ ਸੁੱਟਣ ਲਈ ਕਈ ਹੁਕਮ ਦਿੱਤੇ ਪਰ ਉਹ ਪਾਲਣਾ ਕਰਨ ਵਿੱਚ ਅਸਫ਼ਲ ਰਿਹਾ। ਫਿਰ ਗੁਰਪ੍ਰੀਤ ਸਿੰਘ ਆਪਣੀ ਗੱਡੀ ਵੱਲ ਵਾਪਸ ਆਇਆ, ਇੱਕ ਪਾਣੀ ਦੀ ਬੋਤਲ ਕੱਢੀ ਅਤੇ ਇਸ ਨੂੰ ਅਧਿਕਾਰੀਆਂ ’ਤੇ ਸੁੱਟ ਦਿੱਤਾ।
ਵੀਡੀਓ ਵਿੱਚ ਦਿਖਾਇਆ ਗਿਆ ਕਿ LAPD ਅਧਿਕਾਰੀ ਇਲਾਕੇ ਦੀਆਂ ਗਲੀਆਂ ਵਿੱਚ ਗੁਰਪ੍ਰੀਤ ਸਿੰਘ ਦੀ ਕਾਰ ਵਿੱਚ ਉਸ ਦਾ ਪਿੱਛਾ ਕਰ ਰਹੇ ਸਨ। ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਡਰਾਈਵਰ ਦੀ ਸਾਈਡ ਖਿੜਕੀ ਦੇ ਬਾਹਰ ਚਾਕੂ ਲਹਿਰਾਉਂਦਿਆਂ ਭੱਜ ਗਿਆ।
ਅਧਿਕਾਰੀਆਂ ਨੇ ਉਸ ਦੀ ਤੇਜ਼ ਰਫ਼ਤਾਰ ਗੱਡੀ ਦਾ ਪਿੱਛਾ ਕੀਤਾ। ਇਸ ਦੌਰਾਨ ਮੁਲਜ਼ਮ ਦੀ ਗੱਡੀ ਇੱਕ ਅਧਿਕਾਰੀ ਦੇ ਵਾਹਨ ਨਾਲ ਟਕਰਾ ਗਈ। ਥੋੜ੍ਹੀ ਦੇਰ ਬਾਅਦ ਗੁਰਪ੍ਰੀਤ ਸਿੰਘ ਨੇ ਇੱਕ ਗਲੀ ਵਿੱਚ ਆਪਣੀ ਕਾਰ ਰੋਕੀ, ਚਾਕੂ ਨਾਲ ਲੈਸ ਆਪਣੀ ਗੱਡੀ ਤੋਂ ਬਾਹਰ ਨਿਕਲਿਆ ਅਤੇ ਅਧਿਕਾਰੀਆਂ ਵੱਲ ਚਾਕੂ ਲਹਿਰਾਇਆ। ਐੱਲਏਪੀਡੀ ਅਧਿਕਾਰੀਆਂ ਨੇ ਉਸ ਨੂੰ ਰੁਕਣ ਦਾ ਹੁਕਮ ਦਿੱਤਾ ਅਤੇ ਗੁਰਪ੍ਰੀਤ ਸਿੰਘ ’ਤੇ ਗੋਲੀਬਾਰੀ ਕੀਤੀ ਜਦੋਂ ਉਹ ਉਨ੍ਹਾਂ ਦੇ ਵਾਹਨ ਵੱਲ ਵਧ ਰਿਹਾ ਸੀ।
ਗੁਰਪ੍ਰੀਤ ਸਿੰਘ ਨੂੰ ਗੋਲੀ ਲੱਗੀ ਅਤੇ ਉਹ ਫੁੱਟਪਾਥ ’ਤੇ ਡਿੱਗ ਪਿਆ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਖੂਨ ਨਾਲ ਲੱਥਪੱਥ ਸਿੰਘ ਨੂੰ ਡਾਕਟਰੀ ਇਲਾਜ ਲਈ ਸਥਾਨਕ ਹਸਪਤਾਲ ਪਹੁੰਚਾਇਆ। ਦੋ ਫੁੱਟ ਲੰਬਾ ਚਾਕੂ ਮੌਕੇ ’ਤੇ ਬਰਾਮਦ ਕੀਤਾ ਗਿਆ ਅਤੇ ਸਬੂਤ ਵਜੋਂ ਦਰਜ ਕੀਤਾ ਗਿਆ।
ਗੋਲੀਬਾਰੀ ਵਿੱਚ ਸ਼ਾਮਲ ਅਧਿਕਾਰੀਆਂ ਦੀ ਪਛਾਣ ਸੈਂਟਰਲ ਏਰੀਆ ਪੁਲੀਸ ਅਫ਼ਸਰ IIs ਮਾਈਕਲ ਓਰੋਜ਼ਕੋ ਅਤੇ ਨੇਸਟਰ ਐਸਪੀਨੋਜ਼ਾ ਬੋਜੋਰਕੇਜ਼ ਵਜੋਂ ਹੋਈ ਹੈ। ਐੱਲਏਪੀਡੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।