ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਮੁਲਕ ਦੀਆਂ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ’ਚ ਆਖਿਆ ਗਿਆ ਸੀ ਕਿ 2018 ’ਚ ‘ਵਾਸ਼ਿੰਗਟਨ ਪੋਸਟ’ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ’ਚ ਸਾਊਦੀ ਅਰਬ ਦਾ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦੀ ਕੁਝ ਹੱਦ ਤੱਕ ਸ਼ਮੂਲੀਅਤ ਹੋ ਸਕਦੀ ਹੈ।
ਸ੍ਰੀ ਟਰੰਪ ਨੇ ਸੱਤ ਸਾਲਾਂ ’ਚ ਪਹਿਲੀ ਵਾਰ ਵ੍ਹਾਈਟ ਹਾਊਸ ’ਚ ਆਏ ਸਾਊਦੀ ਅਰਬ ਦੇ ਸ਼ਾਸਕ ਦਾ ਨਿੱਘਾ ਸਵਾਗਤ ਕੀਤਾ। ਸਾਊਦੀ ਅਰਬ ਦੀਆਂ ਨੀਤੀਆਂ ਦੇ ਵਿਰੋਧੀ ਰਹੇ ਖਸ਼ੋਗੀ ਦੀ ਹੱਤਿਆ ਨਾਲ ਇਕ ਸਮੇਂ ਅਮਰੀਕਾ ਅਤੇ ਸਾਊਦੀ ਅਰਬ ਦੇ ਰਿਸ਼ਤਿਆਂ ’ਚ ਤਣਾਅ ਆ ਗਿਆ ਸੀ। ਸ੍ਰੀ ਟਰੰਪ ਨੇ ਖਸ਼ੋਗੀ ਨੂੰ ‘ਬੇਹੱਦ ਵਿਵਾਦਤ ਬੰਦਾ’ ਦੱਸਿਆ ਅਤੇ ਦਾਅਵਾ ਕੀਤਾ ਕਿ ਬਹੁਤੇ ਲੋਕ ਉਸ ਨੂੰ ਪਸੰਦ ਨਹੀਂ ਕਰਦੇ ਸਨ। ਅਮਰੀਕੀ ਰਾਸ਼ਟਰਪਤੀ ਨੇ ਮੁਹੰਮਦ ਬਿਨ ਸਲਮਾਨ ਦੀ ਹਾਜ਼ਰੀ ’ਚ ਓਵਲ ਦਫ਼ਤਰ ’ਚ ਇਕ ਪੱਤਰਕਾਰ ਦੇ ਸਵਾਲ ’ਤੇ ਕਿਹਾ, ‘‘ਪਸੰਦ ਕਰੋੋ ਜਾਂ ਨਾ ਕਰੋ, ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ, ਪਰ ਸ਼ਹਿਜ਼ਾਦਾ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਤੁਸੀਂ ਅਜਿਹਾ ਸਵਾਲ ਪੁੱਛ ਕੇ ਸਾਡੇ ਮਹਿਮਾਨ ਨੂੰ ਸ਼ਰਮਿੰਦਾ ਨਾ ਕਰੋ।’’ ਇਸ ਮੌਕੇ ਸ਼ਹਿਜ਼ਾਦੇ ਨੇ ਕਿਹਾ ਕਿ ਸਾਊਦੀ ਅਰਬ ਨੇ ਖਸ਼ੋਗੀ ਦੀ ਹੱਤਿਆ ਦੀ ਜਾਂਚ ਲਈ ਸਾਰੇ ਸਹੀ ਕਦਮ ਚੁੱਕੇ ਸਨ।
ਸਾਊਦੀ ਅਰਬ ਨੂੰ ਗ਼ੈਰ-ਨਾਟੋ ਮੁਲਕ ਦਾ ਦਰਜਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਨੂੰ ‘ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ’ ਦਾ ਦਰਜਾ ਦੇਣ ਦਾ ਐਲਾਨ ਕੀਤਾ। ਦੋਹਾਂ ਮੁਲਕਾਂ ਨੇ ਐੱਫ-35 ਲੜਾਕੂ ਜੈੱਟ ਅਤੇ ਕਰੀਬ 300 ਅਮਰੀਕੀ ਟੈਂਕਾਂ ਦੀ ਖ਼ਰੀਦ ਸਮੇਤ ਕਈ ਵਪਾਰਕ ਤੇ ਰੱਖਿਆ ਸਮਝੌਤਿਆਂ ’ਤੇ ਦਸਤਖ਼ਤ ਵੀ ਕੀਤੇ। ਸਾਊਦੀ ਅਰਬ ਨੇ ਅਮਰੀਕਾ ’ਚ ਨਿਵੇਸ਼ ਵਧਾ ਕੇ ਇਕ ਖਰਬ ਡਾਲਰ ਕਰਨ ਦਾ ਐਲਾਨ ਕੀਤਾ ਜੋ ਪਹਿਲਾਂ ਐਲਾਨੇ 600 ਅਰਬ ਡਾਲਰ ਤੋਂ ਵੱਧ ਹੈ। ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਨੇ ਅਮਰੀਕਾ ਨੂੰ ਵਿਦੇਸ਼ੀ ਨਿਵੇਸ਼ ਲਈ ਦੁਨੀਆ ਦਾ ਸਭ ਤੋਂ ਆਕਰਸ਼ਕ ਮੁਲਕ ਦੱਸਿਆ।

