ਨਵੀਂ ਦਿੱਲੀ, 25 ਜੂਨ
ਕੇਂਦਰ ਸਰਕਾਰ ਨੇ ਆਗਰਾ ਵਿੱਚ ਕੌਮਾਂਤਰੀ ਆਲੂ ਕੇਂਦਰ (ਸੀਆਈਪੀ) ਦੇ ਦੱਖਣ ਏਸ਼ੀਆ ਖੇਤਰੀ ਖੋਜ ਕੇਂਦਰ ਦੀ ਸਥਾਪਨਾ ਦੀ ਤਜਵੀਜ਼ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਵਾਸਤੇ 111.5 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੁਣੇ ਮੈਟਰੋ ਰੇਲ ਪ੍ਰਾਜੈਕਟ ਦੇ ਦੂਜੇ ਪੜਾਅ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਝਾਰਖੰਡ ਦੇ ਕੋਲਾ ਖੇਤਰ ਝਰੀਆ ਵਿੱਚ ਅੱਗ ਨਾਲ ਨਜਿੱਠਣ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਲਈ 5,940 ਕਰੋੜ ਰੁਪਏ ਦੇ ਸੋਧੇ ਹੋਏ ਝਰੀਆ ਮਾਸਟਰ ਪਲਾਨ (ਜੇਐੱਮਪੀ) ਨੂੰ ਮਨਜ਼ੂਰੀ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਫੈਸਲੇ ਲਏ ਗਏ।
ਇਕ ਅਧਿਕਾਰਤ ਬਿਆਨ ਮੁਤਾਬਕ, ਸੀਆਈਪੀ ਲਈ ਕੀਤੇ ਜਾਣ ਵਾਲੇ ਨਿਵੇਸ਼ ਦਾ ਮੁੱਖ ਉਦੇਸ਼ ਆਲੂ ਤੇ ਸ਼ਕਰਕੰਦ ਦੀ ਕਾਸ਼ਤ ਤੇ ਕਟਾਈ ਤੋਂ ਬਾਅਦ ਪ੍ਰਬੰਧਨ ਵਿੱਚ ਰੁਜ਼ਗਾਰ ਦੇ ਅਹਿਮ ਮੌਕੇ ਪੈਦਾ ਕਰਨ ਦੀ ਸਮਰੱਥਾ ਵਧਾਉਣਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਖੇਤਰ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਕੌਮਾਂਤਰੀ ਆਲੂ ਕੇਂਦਰ (ਸੀਆਈਪੀ) ਦਾ ਦੱਖਣ ਏਸ਼ੀਆ ਖੇਤਰੀ ਕੇਂਦਰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਸਿੰਗਨਾ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਵੈਸ਼ਨਵ ਨੇ ਦੱਸਿਆ ਕਿ ਖੇਤਰੀ ਕੇਂਦਰ ਵਿੱਚ ਖੋਜ ਬੀਜ ਉਤਪਾਦਨ, ਕੀਟ ਪ੍ਰਬੰਧਨ, ਟਿਕਾਊ ਉਤਪਾਦਨ ਅਤੇ ਕਿਸਾਨਾਂ ਦੀ ਸਿਖਲਾਈ ’ਤੇ ਕੇਂਦਰਿਤ ਹੋਵੇਗੀ। -ਪੀਟੀਆਈ