ਭਾਰਤੀ ਕੌਮਾਂਤਰੀ ਫਿਲਮ ਮੇਲੇ ਦਾ ਆਗਾਜ਼
ਅੱਠ ਰੋਜ਼ਾ ਮੇਲੇ ਵਿੱਚ ‘ਉਮਰਾਓ ਜਾਨ’ ਤੇ ‘ਪਿਆਸਾ’ ਸਣੇ 10 ਕਲਾਸਿਕ ਫਿਲਮਾਂ ਦਿਖਾਈਆਂ ਜਾਣਗੀਆਂ
ਗੋਆ ਦੇ ਪਣਜੀ ਵਿੱਚ 56ਵਾਂ ਭਾਰਤੀ ਕੌਮਾਂਤਰੀ ਫਿਲਮ ਮੇਲਾ (ਆਈ ਐੱਫ ਐੱਫ ਆਈ) ਅੱਜ ਸ਼ੁਰੂ ਹੋ ਗਿਆ। ਫਿਲਮ ਮੇਲੇ ਦਾ ਉਦਘਾਟਨ ਕਰਦਿਆ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸੂਬਾ ਫਿਲਮਾਸਾਜ਼ਾਂ ਲਈ ਭਾਰਤ ਦਾ ‘ਪਹਿਲਾ ਤਰਜੀਹੀ ਸਥਾਨ’ ਬਣ ਕੇ ਬਣ ਕੇ ਉੱਭਰਿਆ ਹੈ, ਅਜਿਹਾ ਸਿਰਫ ਇਥੋਂ ਦੇ ਖੂਬਸੂਰਤ ਸਥਾਨਾਂ ਕਰਕੇ ਹੀ ਨਹੀਂ ਬਲਕਿ ਗੋਆ ਨੂੰ ਆਲਮੀ ਫਿਲਮ ਪ੍ਰੋਡਕਸ਼ਨ ਕੇਂਦਰ ਬਣਾਉਣ ਦੇ ਮਨੋਰਥ ਲਈ ਲਈ ਕੀਤੇ ਗਏ ਨੀਤੀਗਤ ਸੁਧਾਰਾਂ ਸਦਕਾ ਵੀ ਹੈ। ਸਰਕਾਰ ਦੀ ਫਿਲਮਾਂ ਸਬੰਧੀ ਨਵੀਂ ਸਕੀਮ, ਸ਼ੂਟਿੰਗ ਸਬੰਧੀ ਨੇਮ, ਫਿਲਮਸਾਜ਼ਾਂ ਲਈ ਢੁੱਕਵੇਂ ਸਥਾਨ ਬਣਾਉਣ ਸਬੰਧੀ ਕਦਮ ਇਸ ਵਿੱਚ ਸਹਾਈ ਹੋ ਰਹੇ ਹਨ।
ਇਹ ਫਿਲਮ ਫੈਸਟੀਵਲ 28 ਨਵੰਬਰ ਤੱਕ ਚੱਲੇਗਾ ਜਿਸ ਦੌਰਾਨ ਅਦਾਕਾਰਾ ਰੇਖਾ ਦੀ ਮੁੱਖ ਭੂਮਿਕਾ ਵਾਲੀ ‘ਉਮਰਾਓ ਜਾਨ’, ਗੁਰੂਦੱਤ ਦੀ ‘ਪਿਆਸਾ’ ਅਤੇ ਰਿਤਵਿਕ ਘਟਕ ਦੀ ‘ਸੁਬਰਨਾਰੇਖਾ’ ਸਣੇ 10 ਕਲਾਸਿਕ ਫਿਲਮਾਂ ਦਿਖਾਈਆਂ ਜਾਣਗੀਆਂ। ਅੱਠ ਰੋਜ਼ਾ ਮੇਲੇ ਦੌਰਾਨ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਵਿੱਚ ‘ਗਮਨ’, ‘ਰੁਦਾਲੀ’, ‘ਮੁਰਲੀਵਾਲਾ’, ‘ਪਾਰਟੀ’, ‘ਸੁਸਮਾਨ’, ‘ਕਿਰੀਦਮ’, ‘ਮੁਸਾਫ਼ਿਰ’ ਆਦਿ ਵੀ ਸ਼ਾਮਲ ਹਨ। ਪੁਰਾਣੀਆਂ ਫਿਲਮਾਂ ਸੰਭਾਲਣ ਵਾਲੀ ਸੰਸਥਾ ‘ਪਸਾਦ’ ਦੇ ਡਾਇਰੈਕਟਰ ਤੇ ਸੀ ਟੀ ਓ ਅਭਿਸ਼ੇਕ ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਫਿਲਮਾਂ ਨੂੰ ਸੰਭਾਲਣਾ ਵੱਡੀ ਜ਼ਿੰਮੇਵਾਰੀ ਅਤੇ ਖਾਸ ਮੌਕਾ, ਦੋਵੇਂ ਹਨ। ਹਰ ਟਾਈਟਲ ਭਾਰਤ ਦੀ ਸੱਭਿਆਚਾਰਕ ਯਾਦ ਦਾ ਅੰਗ ਹੁੰਦਾ ਹੈ, ਜਿਸ ਵਿੱਚ ਫਿਲਮਸਾਜ਼ਾਂ ਦੀ ਕਲਾ, ਹੌਸਲਾ ਅਤੇ ਸਿਰਜਣਾ ਸ਼ਾਮਲ ਹੈ ਜਿਸ ਨੇ ਸਾਡੇ ਸਿਨੇਮਾ ਦੀ ਭਾਸ਼ਾ ਨੂੰ ਨਵੀਂ ਪਰਿਭਾਸ਼ਾ ਦਿੱਤੀ।

