DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ-ਰੂਸ ਜੰਗ ’ਚ ਧੱਕੇ ਭਾਰਤੀ 15 ਮਹੀਨਿਆਂ ਤੋਂ ਲਾਪਤਾ

ਏਜੰਟਾਂ ਦੇ ਹੱਥੇ ਚੜ੍ਹੇ ਨੌਜਵਾਨ; ਪਰਿਵਾਰ ਥਹੁ-ਪਤਾ ਲਗਾਉਣ ਲਈ ਦਰ-ਦਰ ਦੀਆਂ ਖਾ ਰਹੇ ਨੇ ਠੋਕਰਾਂ
  • fb
  • twitter
  • whatsapp
  • whatsapp
featured-img featured-img
ਰੂਸ ਵੱਲੋਂ ਸੈਨਾ ’ਚ ਭਰਤੀ ਕੀਤੇ ਗਏ ਭਾਰਤੀਆਂ ਦੀ ਫਾਈਲ ਫੋਟੋ। ਇਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਰਿਹਾ।
Advertisement

ਉਜਵਲ ਜਲਾਲੀ

ਨਵੀਂ ਦਿੱਲੀ, 29 ਮਈ

Advertisement

ਯੂਕਰੇਨ ਅਤੇ ਰੂਸ ਵਿਚਕਾਰ ਜੰਗ ਕਾਰਨ ਦਰਜਨ ਤੋਂ ਵੱਧ ਭਾਰਤੀ ਪਰਿਵਾਰਾਂ ਦੀਆਂ ਆਸਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਜੀਅ ਬੀਤੇ 15 ਮਹੀਨਿਆਂ ਤੋਂ ਲਾਪਤਾ ਹਨ। ਜਾਣਕਾਰੀ ਮੁਤਾਬਕ ਇਹ ਵਿਅਕਤੀ ਭਾਰਤੀ ਏਜੰਟਾਂ ਦੇ ਹੱਥੇ ਚੜ੍ਹ ਕੇ ਜੰਗ ’ਚ ਧੱਕ ਦਿੱਤੇ ਗਏ। ਇਨ੍ਹਾਂ ਪਰਿਵਾਰਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ’ਤੇ ਬੁੱਧਵਾਰ ਨੂੰ ਪ੍ਰਦਰਸ਼ਨ ਕਰਕੇ ਆਪਣੇ ਜੀਆਂ ਦੇ ਥਹੁ-ਟਿਕਾਣੇ ਦਾ ਪਤਾ ਲਗਾਉਣ ਦੀ ਅਪੀਲ ਕੀਤੀ ਗਈ। ਇਕ ਵਿਅਕਤੀ ਜਗਦੀਪ ਕੁਮਾਰ, ਜਿਸ ਦਾ ਛੋਟਾ ਭਰਾ ਮਨਦੀਪ ਕੁਮਾਰ ਪਿਛਲੇ ਸਾਲ ਮਾਰਚ ਤੋਂ ਲਾਪਤਾ ਹੈ, ਨੇ ਕਿਹਾ ਕਿ ਉਹ ਸਿਰਫ਼ ਇਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਉਨ੍ਹਾਂ ਦੇ ਬੱਚੇ ਜਿਊਂਦੇ ਹਨ ਜਾਂ ਮਰ ਗਏ ਹਨ। ਪਰਿਵਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਜੀਆਂ ਨੂੰ ਕੁਝ ਏਜੰਟਾਂ ਨੇ ਯੂਰਪ ’ਚ ਵਧੀਆ ਨੌਕਰੀ ਦਾ ਝਾਂਸਾ ਦੇ ਕੇ ਵਰਗਲਾ ਲਿਆ ਅਤੇ ਹਜ਼ਾਰਾਂ ਮੀਲ ਦੂਰ ਜੰਗ ’ਚ ਧੱਕ ਦਿੱਤਾ। ਕੁਝ ਪਰਿਵਾਰ ਇਸ ਆਸ ’ਚ ਰੂਸ ਵੀ ਹੋ ਆਏ ਹਨ ਕਿ ਉਨ੍ਹਾਂ ਦੇ ਜੀਆਂ ਦਾ ਪਤਾ ਲੱਗ ਸਕੇ ਜਾਂ ਮਾਸਕੋ ’ਚ ਭਾਰਤੀ ਸਫ਼ਾਰਤਖਾਨਾ ਉਨ੍ਹਾਂ ਦੀ ਕੁਝ ਮਦਦ ਕਰੇਗਾ। ਇਕ ਮਾਂ ਨੇ ਹੰਝੂ ਕੇਰਦਿਆਂ ਕਿਹਾ, ‘‘ਜਿਹੜੇ ਰੂਸ ਗਏ ਸਨ, ਉਨ੍ਹਾਂ ਹਰ ਥਾਂ ’ਤੇ ਸਹਾਇਤਾ ਦੀ ਅਪੀਲ ਕੀਤੀ ਪਰ ਕਿਤਿਉਂ ਵੀ ਕੋਈ ਸਾਥ ਨਹੀਂ ਮਿਲਿਆ। ਰੂਸ ’ਚ ਭਾਰਤੀ ਸਫ਼ਾਰਤਖਾਨੇ ਨੇ ਵੀ ਉਨ੍ਹਾਂ ਨੂੰ ਬਾਂਹ ਨਹੀਂ ਫੜਾਈ।’’ ਜਗਦੀਪ ਨੇ ਕਿਹਾ ਕਿ ਉਸ ਨੇ ਭਰਾ ਨੂੰ ਵਾਪਸ ਲਿਆਉਣ ਲਈ ਆਪਣਾ ਸਾਰਾ ਕੁਝ ਦਾਅ ’ਤੇ ਲਗਾ ਦਿੱਤਾ ਪਰ ਉਹ ਨਾਕਾਮ ਰਿਹਾ ਹੈ। ਜਗਦੀਪ ਨੇ ਦੋਸ਼ ਲਾਇਆ ਕਿ ਭਰਾ ਸਮੇਤ ਚਾਰ ਵਿਅਕਤੀਆਂ ਨੂੰ ਆਰਮੀਨੀਆ ਤੋਂ ਰੂਸ, ਫਿਨਲੈਂਡ ਅਤੇ ਜਰਮਨੀ ਹੁੰਦਿਆਂ ਇਟਲੀ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ। ਇਨ੍ਹਾਂ ’ਚੋਂ ਤਿੰਨ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਘਰ ਪਰਤ ਆਏ। ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਪਰਵਾਸ ਲਈ ਡੰਕੀ ਰੂਟ ਦੀ ਵਰਤੋਂ ਕੀਤੀ ਜਾ ਰਹੀ ਸੀ। ਜਗਦੀਪ ਨੇ ਕਿਹਾ, ‘‘ਮੇਰਾ ਭਰਾ ਹਾਲੇ ਵੀ ਵਿਦੇਸ਼ ’ਚ ਹੈ। ਮੈਨੂੰ ਏਜੰਟਾਂ ਤੋਂ ਧਮਕੀਆਂ ਵਾਲੇ ਵੀਡੀਓ ਮਿਲ ਰਹੇ ਹਨ ਜੋ ਭਰਾ ਮਨਦੀਪ ਨੂੰ ਕੁੱਟਦੇ ਹੋਏ ਦੇਖੇ ਜਾ ਸਕਦੇ ਹਨ ਅਤੇ ਉਹ ਉਸ ਨੂੰ ਛੱਡਣ ਲਈ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ।’’ ਉਸ ਨੇ ਕਿਹਾ ਕਿ ਏਜੰਟਾਂ ਖ਼ਿਲਾਫ਼ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਂਝ ਇਕ ਐੱਫਆਈਆਰ ਪੰਜਾਬ ’ਚ ਦਰਜ ਹੋਈ ਸੀ ਅਤੇ ਕੁਝ ਏਜੰਟ ਗ੍ਰਿਫ਼ਤਾਰ ਵੀ ਹੋਏ ਸਨ ਪਰ ਉਨ੍ਹਾਂ ਦਾ ਵੱਡਾ ਨੈੱਟਵਰਕ ਹਾਲੇ ਵੀ ਸਰਗਰਮ ਹੈ। ਜਗਦੀਪ ਨੇ ਪਿਛਲੇ ਸਾਲ 3 ਮਾਰਚ ਨੂੰ ਆਪਣੇ ਭਰਾ ਨਾਲ ਗੱਲ ਕੀਤੀ ਸੀ। ਉਸ ਨੇ ਚੇਤੇ ਕਰਦਿਆਂ ਕਿਹਾ, ‘‘ਮਨਦੀਪ ਡਰਿਆ ਹੋਇਆ ਸੀ। ਉਸ ਨੂੰ ਏਜੰਟਾਂ ਨੇ ਰੂਸੀ ਫੌਜ ਵੱਲੋਂ ਲੜਨ ਲਈ ਮਜਬੂਰ ਕੀਤਾ ਅਤੇ ਉਸ ਨੇ ਯੂਕਰੇਨ ਦੀ ਸਰਹੱਦ ਨੇੜੇ ਸਿਖਲਾਈ ਸ਼ੁਰੂ ਕਰ ਦਿੱਤੀ ਹੈ।’’ ਇਸ ਮਗਰੋਂ ਉਸ ਨੂੰ ਫੋਨ ਆਉਣੇ ਬੰਦ ਹੋ ਗਏ।

ਮੌਤ ਦੀ ਸਜ਼ਾ ਵਾਂਗ ਪ੍ਰਤੀਤ ਹੁੰਦਾ ਹੈ ਹਰ ਦਿਨ: ਪ੍ਰਦਰਸ਼ਨਕਾਰੀ

ਆਪਣੇ ਪੁੱਤਰ ਦੀ ਤਸਵੀਰ ਹੱਥਾਂ ’ਚ ਫੜੀ ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਹਰ ਬੀਤ ਰਿਹਾ ਦਿਨ ਮੌਤ ਦੀ ਸਜ਼ਾ ਵਾਂਗ ਪ੍ਰਤੀਤ ਹੁੰਦਾ ਹੈ। ਉਸ ਨੇ ਕਿਹਾ ਕਿ ਉਹ ਜਵਾਬ ਮਿਲਣ ਤੱਕ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਉਸ ਨੂੰ ਹਾਲੇ ਵੀ ਆਸ ਹੈ ਕਿ ਪੁੱਤਰ ਵਤਨ ਮੁੜ ਆਵੇਗਾ।

ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਮਦਦ ਮੰਗੀ

ਪਰਿਵਾਰਾਂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਸਬੰਧ ’ਚ ਪੱਤਰ ਲਿਖਿਆ ਹੈ। ਪੱਤਰ ’ਚ ਉਨ੍ਹਾਂ ਲਿਖਿਆ, ‘‘ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਰੂਸੀ ਫੌਜ ’ਚ ਲਾਪਤਾ ਹੋਏ ਵਿਅਕਤੀਆਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਜੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਸਾਨੂੰ ਮਹੀਨੇ ’ਚ ਦੋ ਵਾਰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ।’’ ਪ੍ਰਦਰਸ਼ਨਕਾਰੀਆਂ ਨੇ ਹੁਣ ਦੁਬਾਰਾ ਰੂਸ ਜਾਣ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਇਸ ਵਾਰ ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਦਸਤਖ਼ਤਾਂ ਵਾਲੇ ਪੱਤਰ ਨਾਲ ਭਾਰਤੀ ਸਫ਼ੀਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।

Advertisement
×