ਭਾਰਤ-ਭੂਟਾਨ ਵੱਲੋਂ ਊਰਜਾ ਸਹਿਯੋਗ ਵਧਾਉਣ ’ਤੇ ਚਰਚਾ
ਪ੍ਰਧਾਨ ਮੰਤਰੀ ਮੋਦੀ ਨੇ ਭੂਟਾਨ ਨਰੇਸ਼ ਨਾਲ ਗੱਲਬਾਤ ਕੀਤੀ; ਸਾਬਕਾ ਨਰੇਸ਼ ਦੇ ਜਨਮ ਦਿਨ ਸਮਾਗਮ ’ਚ ਹੋਏ ਸ਼ਾਮਲ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭੂਟਾਨ ਨਰੇਸ਼ ਜਿਗਮੇ ਖੇਸਾਰ ਨਾਮਗਿਆਲ ਵਾਂਗਚੁਕ ਨੇ ਦੋਵਾਂ ਮੁਲਕਾਂ ਵਿਚਾਲੇ ਊਰਜਾ, ਸਮਰੱਥਾ ਨਿਰਮਾਣ, ਸੰਪਰਕ, ਤਕਨੀਕ, ਰੱਖਿਆ ਤੇ ਸੁਰੱਖਿਆ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ ਕਿਹਾ ਕਿ ਭਾਰਤ ਤੇ ਭੂਟਾਨ ਸਰਹੱਦੀ ਤੌਰ ’ਤੇ ਹੀ ਨਹੀਂ ਬਲਕਿ ਸੱਭਿਆਚਾਰਕ ਤੌਰ ’ਤੇ ਵੀ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਦੌਰੇ ’ਤੇ ਅੱਜ ਭੂਟਾਨ ਪਹੁੰਚੇ ਹਨ। ਸ੍ਰੀ ਮੋਦੀ ਨੇ ਭੂਟਾਨ ਦੇ ਸਾਬਕਾ ਨਰੇਸ਼ ਜਿਗਮੇ ਸਿੰਗਯੇ ਵਾਂਗਚੁਕ ਦੇ 70ਵੇਂ ਜਨਮ ਦਿਨ ਮੌਕੇ ਚਾਂਗਲੀਮੇਥਾਂਗ ਸਟੇਡੀਅਮ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸੰਪਰਕ ਮੌਕੇ ਪੈਦਾ ਕਰਦਾ ਹੈ ਅਤੇ ਮੌਕੇ ਖੁਸ਼ਹਾਲੀ ਲਿਆਉਂਦੇ ਹਨ। ਇਸ ਟੀਚੇ ਨੂੰ ਧਿਆਨ ’ਚ ਰੱਖਦਿਆਂ ਭਾਰਤ ਦੇ ਵਿਸ਼ਾਲ ਰੇਲ ਨੈੱਟਵਰਕ ਨੂੰ ਗੈਲੇਫੂ ਅਤੇ ਸਮਤਸੇ ਸ਼ਹਿਰਾਂ ਨਾਲ ਜੋੜਨ ਦਾ ਫ਼ੈਸਲਾ ਕੀਤਾ ਗਿਆ ਹੈ। ਸਦੀਆਂ ਤੋਂ ਭਾਰਤ ਅਤੇ ਭੂਟਾਨ ਵਿਚਾਲੇ ਅਧਿਆਤਮਕ ਤੇ ਸੱਭਿਆਚਾਰਕ ਰਿਸ਼ਤਾ ਹੈ। ਇਸੇ ਕਰ ਕੇ ਇਸ ਅਹਿਮ ਸਮਾਗਮ ’ਚ ਸ਼ਾਮਲ ਹੋਣਾ ਭਾਰਤ ਅਤੇ ਮੇਰੀ ਵਚਨਬੱਧਤਾ ਹੈ।’’ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੂਰਾ ਹੋਣ ’ਤੇ ਭੂਟਾਨ ਦੇ ਉਦਯੋਗਾਂ ਤੇ ਭੂਟਾਨੀ ਕਿਸਾਨਾਂ ਦੀ ਭਾਰਤ ਦੇ ਵੱਡੇ ਬਾਜ਼ਾਰ ’ਚ ਪਹੁੰਚ ਸੁਖਾਲੀ ਹੋਵੇਗੀ। ਦੋਵੇਂ ਮੁਲਕ ਸਰਹੱਦੀ ਬੁਨਿਆਦੀ ਢਾਂਚੇ ’ਚ ਵੀ ਤੇਜ਼ੀ ਨਾਲ ਪ੍ਰਗਤੀ ਕਰ ਰਹੇ ਹਨ। ਉਨ੍ਹਾਂ ਮੁਤਾਬਕ ਭਾਰਤ ਨੇੜ ਭਵਿੱਖ ’ਚ ਗੈਲੇਫੂ ਨੇੜੇ ਇੱਕ ਇਮੀਗ੍ਰੇਸ਼ਨ ਜਾਂਚ ਚੌਕੀ ਵੀ ਬਣਾਏਗਾ ਜਿਸ ਨਾਲ ਸੈਲਾਨੀਆਂ ਤੇ ਨਿਵੇਸ਼ਕਾਂ ਨੂੰ ਸੁਵਿਧਾ ਹੋਵੇਗੀ। ਭਾਰਤ-ਭੂਟਾਨ ਪਣਬਿਜਲੀ ਭਾਈਵਾਲੀ ਨੂੰ ਯਾਦ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਊਰਜਾ ਭਾਈਵਾਲੀ ਹੋਰ ਵਧ ਰਹੀ ਹੈ। ਉਨ੍ਹਾਂ ਭਾਰਤੀ ਲੋਕਾਂ ਵੱਲੋਂ ਸਾਬਕਾ ਨਰੇਸ਼ ਅਤੇ ਭੂਟਾਨ ਦੇ ਲੋਕਾਂ ਨੂੰ ਸ਼ੁਭਇੱਛਾਵਾਂ
ਵੀ ਦਿੱਤੀਆਂ। ਇਸ ਮੌਕੇ ਭਾਰਤ ਤੇ ਭੂਟਾਨ ਵੱਲੋਂ 1020 ਮੈਗਾਵਾਟ ਦੇ ਪਣਬਿਜਲੀ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਭਾਰਤ ਨੇ ਭੂਟਾਨ ’ਚ ਊਰਜਾ ਪ੍ਰਾਜੈਕਟਾਂ ਲਈ ਵਾਸਤੇ ਫੰਡ ਲਈ 4,000 ਕਰੋੜ ਰੁਪਏ ਦਾ ਰਿਆਇਤੀ ਕਰਜ਼ਾ ਹੱਦ ਐਲਾਨ ਵੀ ਕੀਤਾ।
ਕਾਂਗਰਸ ਨੇ ਨਹਿਰੂ ਦੀ ਪਾਰੋ ਪੈਦਲ ਯਾਤਰਾ ਯਾਦ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੂਟਾਨ ਦੌਰੇ ਦੌਰਾਨ ਕਾਂਗਰਸ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਗੁਆਂਢੀ ਮੁਲਕ ਦੀ ਉਸ ਅਨੋਖੀ ਯਾਤਰਾ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਵਫ਼ਦ ਨਾਲ ਪਾਰੋ ਪਹੁੰਚਣ ਲਈ ਪੰਜ ਦਿਨ ਪੈਦਲ ਯਾਤਰਾ ਕੀਤੀ ਸੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦੀ ਪਾਰੋ ਦੀ ਪੈਦਲ ਯਾਤਰਾ ਨੇ ਭਾਰਤ ਤੇ ਭੂਟਾਨ ਦਰਮਿਆਨ ਲਗਪਗ ਸੱਤ ਦਹਾਕਿਆਂ ਤੋਂ ਚੱਲੇ ਆ ਰਹੇ ਵਿਸ਼ੇਸ਼ ਸਬੰਧਾਂ ਦੀ ਦਿਸ਼ਾ ਤੈਅ ਕੀਤੀ ਸੀ। ਉਨ੍ਹਾਂ ਕਿਹਾ, ‘‘ਨਹਿਰੂ ਨੇ ਪਾਰੋ ਦੀ ਇਹ ਅਸਾਧਾਰਨ ਯਾਤਰਾ ਬੇਹੱਦ ਮੁਸ਼ਕਲ ਹਾਲਾਤ ’ਚ ਕੀਤੀ ਜਦੋਂ ਉਹ 69 ਵਰ੍ਹਿਆਂ ਦੇ ਹੋਣ ਵਾਲੇ ਸਨ।’’

