DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿਹਨਤ ਤੇ ਹੌਸਲੇ ਨੇ ਲਿਆਂਦਾ ਰੰਗ: ਧਰਤ ਪੰਜਾਬ ਦੇ ਜਾਏ, ਦੇਸ਼ ’ਤੇ ਛਾਏ

ਗੌਰਵ, ਨਿਖਿਲ ਤੇ ਸਮਯ ਨੂੰ ਥਲ ਅਤੇ ਕਨਿਸ਼ਕ, ਯਸ਼ ਤੇ ਅਭਿਨਵ ਨੂੰ ਹਵਾਈ ਫ਼ੌਜ ’ਚ ਕਮਿਸ਼ਨ
  • fb
  • twitter
  • whatsapp
  • whatsapp
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 14 ਜੂਨ

Advertisement

ਇਥੋਂ ਦੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਛੇ ਕੈਡੇਟ ਅੱਜ ਥਲ ਅਤੇ ਹਵਾਈ ਫ਼ੌਜ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਤਿੰਨ ਕੈਡੇਟਾਂ ਮੁਹਾਲੀ ਦੇ ਗੌਰਵ ਸਿੰਘ, ਬਠਿੰਡਾ ਦੇ ਨਿਖਿਲ ਬਾਂਸਲ ਅਤੇ ਹੁਸ਼ਿਆਰਪੁਰ ਦੇ ਸਮਯ ਸੈਣੀ ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ), ਦੇਹਰਾਦੂਨ ’ਚ 156ਵੇਂ ਰੈਗੂਲਰ ਕੋਰਸ ਦੇ ਹਿੱਸੇ ਵਜੋਂ ਫੌਜ ਵਿੱਚ ਕਮਿਸ਼ਨ ਮਿਲਿਆ ਹੈ। ਇਸ ਮੌਕੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਸ੍ਰੀਲੰਕਾ ਆਰਮੀ ਕਮਾਂਡਰ ਅਤੇ ਆਈਐੱਮਏ ਦੇ ਪਾਸਆਊਟ ਲੈਫ਼ਟੀਨੈਂਟ ਜਨਰਲ ਬੀਕੇਜੀਐੱਮ ਲਾਸੰਥਾ ਰੌਡਰਿਗੋ ਨੇ ਕੀਤਾ। ਤਿੰਨ ਹੋਰ ਕੈਡੇਟਾਂ ਮੁਹਾਲੀ ਦੇ ਕਨਿਸ਼ਕ ਚੌਹਾਨ, ਬਠਿੰਡਾ ਦੇ ਯਸ਼ ਨੈਲਵਾਲ ਅਤੇ ਰੂਪਨਗਰ ਦੇ ਅਭਿਨਵ ਮਿਸ਼ਰਾ ਨੂੰ ਹੈਦਰਾਬਾਦ ਦੇ ਡੁੰਡੀਗਲ ਸਥਿਤ ਏਅਰ ਫੋਰਸ ਅਕੈਡਮੀ ’ਚ 215ਵੇਂ ਕੋਰਸ ਦੀ ਕੰਬਾਈਨਡ ਪਾਸਿੰਗ ਆਊਟ ਪਰੇਡ ਦੌਰਾਨ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ ਹੈ। ਪਰੇਡ ਦਾ ਨਿਰੀਖਣ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਇੰਸਟੀਚਿਊਟ ਦੇ ਡਾਇਰੈਕਟਰ ਅਜੈ ਐੱਚ. ਚੌਹਾਨ ਨੇ ਕੈਡੇਟਾਂ ਨੂੰ ਵਧਾਈ ਦਿੱਤੀ।

ਤਿੰਨ ਧੀਆਂ ਦੀ ਹਵਾਈ ਫ਼ੌਜ ’ਚ ਪਰਵਾਜ਼

ਪੰਜਾਬ ਸਰਕਾਰ ਦੇ ਮੁਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀਆਂ ਤਿੰਨ ਸਾਬਕਾ ਕੈਡੇਟਾਂ ਹਰਨੂਰ ਸਿੰਘ, ਕ੍ਰਿਤੀ ਐੱਸ ਬਿਸ਼ਟ ਅਤੇ ਅਲੀਸ਼ਾ ਨੂੰ ਅੱਜ ਏਅਰ ਫੋਰਸ ਅਕੈਡਮੀ, ਡੁੰਡੀਗਲ (ਹੈਦਰਾਬਾਦ) ਤੋਂ ਸਫ਼ਲਤਾਪੂਰਵਕ ਪਾਸਆਊਟ ਹੋਣ ਉੱਤੇ ਹਵਾਈ ਫ਼ੌਜ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾਂ ਨੂੰ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਵਿੱਚ ਕਮਿਸ਼ਨ ਦਿੱਤਾ ਗਿਆ, ਜਿਸ ਦਾ ਨਿਰੀਖਣ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤਾ।

ਹਰਨੂਰ ਸਿੰਘ ਅਤੇ ਅਲੀਸ਼ਾ ਨੂੰ ਸਿੱਖਿਆ ਸ਼ਾਖਾ ਜਦੋਂਕਿ ਕ੍ਰਿਤੀ ਐੱਸ ਬਿਸ਼ਟ ਨੂੰ ਹਵਾਈ ਫ਼ੌਜ ਦੀ ਪ੍ਰਸ਼ਾਸਨ ਸ਼ਾਖਾ ਵਿੱਚ ਫਲਾਈਟ ਕੰਟਰੋਲਰ ਵਜੋਂ ਕਮਿਸ਼ਨ ਮਿਲਿਆ ਹੈ। ਫਲਾਇੰਗ ਅਫ਼ਸਰ ਹਰਨੂਰ ਸਿੰਘ ਪਠਾਨਕੋਟ ਵਾਸੀ ਵਿਕਰਮ ਸਿੰਘ ਬੈਂਸ ਦੀ ਧੀ ਹੈ, ਜੋ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਹਨ। ਫਲਾਇੰਗ ਅਫ਼ਸਰ ਕ੍ਰਿਤੀ ਐੱਸ ਬਿਸ਼ਟ ਦੇ ਪਿਤਾ ਸ਼ਕਤੀ ਸ਼ਰਨ ਸਿੰਘ ਪੀਏਸੀਐੱਲ, ਨੰਗਲ ’ਚ ਸੀਨੀਅਰ ਇੰਜਨੀਅਰ ਹਨ। ਫਲਾਇੰਗ ਅਫ਼ਸਰ ਅਲੀਸ਼ਾ ਦੇ ਪਿਤਾ ਸੁਨੀਲ ਦੱਤ, ਜੋ ਜਲੰਧਰ ਨਾਲ ਸਬੰਧ ਰੱਖਦੇ ਹਨ, ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਨ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਤਿੰਨੋਂ ਕੈਡੇਟਾਂ ਨੂੰ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਮਿਲਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਵਧਾਈ ਦਿੱਤੀ ਹੈ।

ਨੀਟ-ਯੂਜੀ ਨਤੀਜਾ: ਤਪਾ ਦਾ ਕੇਸ਼ਵ ਮਿੱਤਲ ਪੰਜਾਬ ’ਚੋਂ ਮੋਹਰੀ

ਚੰਡੀਗੜ੍ਹ(ਟਨਸ): ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਜਾਰੀ ਮੈਡੀਕਲ ਪ੍ਰੀਖਿਆ ਨੀਟ-ਯੂਜੀ ਦੇ ਨਤੀਜੇ ਵਿੱਚ ਤਪਾ ਦੇ ਕੇਸ਼ਵ ਮਿੱਤਲ ਨੇ ਪੰਜਾਬ ’ਚੋਂ ਟਾਪ ਕਰਦਿਆਂ ਆਲ ਇੰਡੀਆ ’ਚ 7ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਆਲ ਇੰਡੀਆ ਰੈਂਕ ਵਿੱਚ 28ਵੇਂ ਨੰਬਰ ’ਤੇ ਰਹੇ ਬਠਿੰਡਾ ਦੇ ਹਿਮਾਂਕ ਬਘੇਲ ਨੇ ਪੰਜਾਬ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਦੇ ਹੀ ਮੁਹੰਮਦ ਸਮੀਰ ਨੇ ਆਲ ਇੰਡੀਆ ਪੱਧਰ ’ਤੇ 33ਵਾਂ, ਨਵੀਨ ਮਿੱਤਲ ਨੇ 49ਵਾਂ, ਟਿਸ਼ਾ ਜੈਨ ਨੇ 51ਵਾਂ, ਅਰਮਾਨ ਬੇਰੀ ਨੇ 77ਵਾਂ, ਰਾਘਵ ਗੋਇਲ ਨੇ 87ਵਾਂ, ਜਨਵ ਬਾਂਸਲ ਨੇ 89ਵਾਂ ਅਤੇ ਰੁਪੇਸ਼ ਗਰਗ ਨੇ 97ਵਾਂ ਰੈਂਕ ਹਾਸਲ ਕੀਤਾ ਹੈ।

ਬਰਨਾਲਾ/ਤਪਾ ਮੰਡੀ (ਰਵਿੰਦਰ ਰਵੀ/ਸੀ. ਮਾਰਕੰਡਾ): ਨੀਟ-ਯੂਜੀ ਪ੍ਰੀਖਿਆ ’ਚ ਪੰਜਾਬ ’ਚੋਂ ਟਾਪ ਕਰਨ ਵਾਲਾ ਕੇਸ਼ਵ ਮਿੱਤਲ ਤਪਾ ਦਾ ਵਸਨੀਕ ਹੈ। ਉਸ ਪਿਤਾ ਪ੍ਰਬੋਧ ਮਿੱਤਲ ਵੀ ਡਾਕਟਰ ਹਨ। ਕੇਸ਼ਵ ਮਿੱਤਲ ਦੀ ਪ੍ਰਾਪਤੀ ’ਤੇ ਡਿਪਟੀ ਕਮਸ਼ਨਰ ਟੀ. ਬੈਨਿਥ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ। ਕੇਸ਼ਵ ਨੇ ਕੁੱਲ 720 ਵਿੱਚੋਂ 680 ਅੰਕਾਂ ਨਾਲ 99.99 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ। ਪਿਤਾ ਨੇ ਦੱਸਿਆ ਕਿ ਕੇਸ਼ਵ ਨੇ ਪਹਿਲੇ ਦਿਨ ਤੋਂ ਹੀ ਪੜ੍ਹਾਈ ’ਤੇ ਪੂਰਾ ਧਿਆਨ ਕੇਂਦਰਿਤ ਕੀਤਾ ਹੋਇਆ ਸੀ ਅਤੇ ਉਸ ਨੇ ਇਸ ਪ੍ਰਾਪਤੀ ਨਾਲ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਤੀਜੇ ਮਗਰੋਂ ਕੇਸ਼ਵ ਮਿੱਤਲ ਦੇ ਪਰਿਵਾਰ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੇਸ਼ਵ ਨੇ ਚੰਡੀਗੜ੍ਹ ਦੇ ਕੋਚਿੰਗ ਸੈਂਟਰ ਤੋਂ ਟੈਸਟ ਦੀ ਤਿਆਰੀ ਕੀਤੀ ਸੀ। ਕੇਸ਼ਵ ਮਿੱਤਲ ਨੇ ਡੀਐੱਮ ਪਬਲਿਕ ਸਕੂਲ ਕਰਾੜਵਾਲਾ ਵਿਖੇ 12ਵੀਂ ਜਮਾਤ ’ਚ ਮੈਡੀਕਲ ਵਿਸ਼ੇ ਵਿਚੋਂ ਬਠਿੰਡਾ ਜ਼ਿਲ੍ਹੇ ’ਚੋਂ 98 ਫ਼ੀਸਦ ਨੰਬਰ ਲੈ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ। ਕੇਸ਼ਵ ਮਿੱਤਲ ਨੇ ਦੱਸਿਆ ਕਿ ਉਹ ਦਿੱਲੀ ਦੇ ਏਮਸ ਹਸਪਤਾਲ ਵਿੱਚ ਦਾਖ਼ਲਾ ਲੈਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਉਹ ਡਾਕਟਰੀ ਦੀ ਸਭ ਤੋਂ ਉੱਚੀ ਡਿਗਰੀ ਹਾਸਲ ਕਰਕੇ ਮਨੁੱਖਤਾ ਦੀ ਸੇਵਾ ਕਰੇਗਾ।

ਰੋਜ਼ 14-15 ਘੰਟੇ ਪੜ੍ਹਦਾ ਸੀ ਹਿਮਾਂਕ

ਬਠਿੰਡਾ (ਮਨੋਜ ਸ਼ਰਮਾ): ਨੀਟ-ਯੂਜੀ ਪ੍ਰੀਖਿਆ ’ਚ ਬਠਿੰਡਾ ਦੇ ਮਿਲੇਨੀਅਮ ਸਕੂਲ ਦੇ ਵਿਦਿਆਰਥੀ ਹਿਮਾਂਕ ਬਾਘਲਾ ਨੇ 663/729 ਅੰਕ ਹਾਸਲ ਕਰਕੇ ਆਲ ਇੰਡੀਆ ਵਿੱਚੋਂ 28ਵਾਂ ਅਤੇ ਪੰਜਾਬ ’ਚ ਦੂਜਾ ਰੈਂਕ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨਾਲ ਉਸ ਨੇ ਸੂਬੇ, ਮਾਤਾ-ਪਿਤਾ, ਸਕੂਲ ਅਤੇ ਸ਼ਹਿਰ ਦਾ ਨਾਮ ਚਮਕਾਇਆ ਹੈ। ਇਸੇ ਤਰ੍ਹਾਂ ਜਨਵ ਬਾਂਸਲ ਨੇ 647/720 ਅੰਕ ਲੈ ਕੇ 89ਵਾਂ ਅਤੇ ਪੰਜਾਬ ਭਰ ਵਿੱਚ 7ਵਾਂ ਰੈਂਕ ਹਾਸਲ ਕੀਤਾ ਹੈ ਜਦਕਿ ਡਾ. ਗੌਰਵ ਸਿੰਗਲਾ ਦੇ ਪੁੱਤਰ ਰਿਆਂਸ਼ ਨੇ ਆਲ ਇੰਡੀਆ ਪੱਧਰ ’ਤੇ 99ਵਾਂ ਰੈਂਕ ਪ੍ਰਾਪਤ ਕੀਤਾ ਹੈ। ਹਿਮਾਂਕ ਦੇ ਪਿਤਾ ਪ੍ਰੋ. ਸੁਨੀਲ ਬਾਘਲਾ ਅਤੇ ਮਾਤਾ ਡਾ. ਸੀਮਾ ਬਾਘਲਾ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਉਨ੍ਹਾਂ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਬੇਹੱਦ ਖੁਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਿਮਾਂਕ ਰੋਜ਼ 14-15 ਘੰਟੇ ਦੀ ਮਿਹਨਤ ਕਰਦਾ ਸੀ। ਹਿਮਾਂਕ ਨੇ ਆਪਣੀ ਸਫ਼ਲਤਾ ਦਾ ਸਿਹਰਾ ਮਾਤਾ-ਪਿਤਾ, ਅਧਿਆਪਕਾਂ ਪ੍ਰੋ. ਸਿਆਲ, ਪ੍ਰੋ. ਮਨੋਜ ਅਤੇ ਪ੍ਰੋ. ਆਰ. ਡੀ. ਨੂੰ ਦਿੱਤਾ ਹੈ। ਹਿਮਾਂਕ ਨੇ ਕਿਹਾ ਕਿ ਉਹ ਦਿੱਲੀ ਦੇ ਏਮਸ ਹਸਪਤਾਲ ’ਚ ਦਾਖ਼ਲਾ ਲਵੇਗਾ। ਇਸ ਤਰਾਂ ਜਨਵ ਬਾਂਸਲ ਦੇ ਪਿਤਾ ਅਸ਼ੀਸ਼ ਬਾਂਸਲ, ਜੋ ਪੰਜਾਬ ਐਂਡ ਸਿੰਧ ਬੈਂਕ ਵਿੱਚ ਮੈਨੇਜਰ ਹਨ, ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਬੱਚੇ ਦੀ ਲਗਨ ਅਤੇ ਪੜ੍ਹਾਈ ਦਾ ਨਤੀਜਾ ਹੈ।

ਥੋਕ ਕਰਿਆਨਾ ਵਪਾਰੀ ਦੀ ਧੀ ਹੈ ਟਿਸ਼ਾ ਜੈਨ

ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਮਾਲੇਰਕੋਟਲਾ ਦੇ ਥੋਕ ਕਰਿਆਨਾ ਵਪਾਰੀ ਗੌਰਵ ਜੈਨ ਦੀ ਹੋਣਹਾਰ ਬੇਟੀ ਟਿਸ਼ਾ ਜੈਨ ਨੇ ਨੀਟ-ਯੂਜੀ ਦੀ ਪ੍ਰੀਖਿਆ ਵਿਚ 51ਵਾਂ ਰੈਂਕ ਹਾਸਲ ਕਰਕੇ ਪੰਜਾਬ ਭਰ ਦੀਆਂ ਕੁੜੀਆਂ ’ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਐੱਮਕਾਮ ਪਾਸ ਮਾਂ ਈਸ਼ਾ ਜੈਨ ਦੀ ਧੀ ਟਿਸ਼ਾ ਨੇ ਦਿੱਲੀ ਪਬਲਿਕ ਸਕੂਲ ਧੂਰੀ ਤੋਂ ਬਾਰ੍ਹਵੀਂ ਜਮਾਤ 94 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ। ਟਿਸ਼ਾ ਨੇ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਕੂਲ ਸਟਾਫ ਸਿਰ ਬੰਨ੍ਹਦਿਆਂ ਕਿਹਾ ਕਿ ਉਸ ਦਾ ਡਾਕਟਰ ਬਣ ਕੇ ਮਾਨਵਤਾ ਦੀ ਸੇਵਾ ਕਰਨ ਦਾ ਸੁਪਨਾ ਹੁਣ ਪੂਰਾ ਹੋ ਜਾਵੇਗਾ।

Advertisement
×