ਬੰਗਲਾਦੇਸ਼ ਵਿੱਚ ਆਮ ਚੋਣਾਂ 12 ਫਰਵਰੀ ਨੂੰ
ਬੰਗਲਾਦੇਸ਼ ਵਿੱਚ ਆਮ ਚੋਣਾਂ 12 ਫਰਵਰੀ ਨੂੰ ਹੋਣਗੀਆਂ। ਇਹ ਚੋਣਾਂ ਅਗਸਤ 2024 ਵਿੱਚ ਹਿੰਸਕ ਝੜਪਾਂ ਬਾਅਦ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਬਾਅਦ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਏ ਐੱਮ ਐੱਮ ਨਾਸਿਰ ਉਦਦੀਨ ਨੇ ਮੁਲਕ...
ਬੰਗਲਾਦੇਸ਼ ਵਿੱਚ ਆਮ ਚੋਣਾਂ 12 ਫਰਵਰੀ ਨੂੰ ਹੋਣਗੀਆਂ। ਇਹ ਚੋਣਾਂ ਅਗਸਤ 2024 ਵਿੱਚ ਹਿੰਸਕ ਝੜਪਾਂ ਬਾਅਦ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਬਾਅਦ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਏ ਐੱਮ ਐੱਮ ਨਾਸਿਰ ਉਦਦੀਨ ਨੇ ਮੁਲਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਿੰਗ 12 ਫਰਵਰੀ ਨੂੰ ਸਵੇਰੇ 7.30 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 4.30 ਵਜੇ ਖਤਮ ਹੋਵੇਗੀ।
ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੇ ਰਾਸ਼ਟਰੀ ਸਹਿਮਤੀ ਕਮਿਸ਼ਨ ਦੇ ਸੁਧਾਰ ਪ੍ਰਸਤਾਵਾਂ ਦੀ ਇੱਕ ਲੜੀ ਤਹਿਤ ਜਨਤਾ ਦੀ ਰਾਇ ਜਾਣਨ ਲਈ ਵੋਟਿੰਗ ਵਾਲੇ ਦਿਨ, 12 ਫਰਵਰੀ ਨੂੰ ਇੱਕੋ ਸਮੇਂ ਰਾਇਸ਼ੁਮਾਰੀ ਵੀ ਕਰਵਾਈ ਜਾਵੇਗੀ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਦੇ ਇਕ ਦਿਨ ਪਹਿਲਾਂ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਚੋਣ ਪ੍ਰਕਿਰਿਆ ਅਨੁਸਾਰ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਅੰਤਿਮ ਤਾਰੀਖ 29 ਦਸੰਬਰ ਹੈ। ਕਾਗਜ਼ਾਂ ਦੀ ਜਾਂਚ 30 ਦਸੰਬਰ ਤੋਂ 4 ਜਨਵਰੀ ਤਕ ਕੀਤੀ ਜਾਵੇਗੀ ਅਤੇ 20 ਜਨਵਰੀ ਨੂੰ ਕਾਗਜ਼ ਵਾਪਸ ਲਏ ਜਾ ਸਕਣਗੇ। ਉਮੀਦਵਾਰਾਂ ਦੀ ਅੰਤਿਮ ਸੂਚੀ 21 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਚੋਣ ਪ੍ਰਚਾਰ 22 ਜਨਵਰੀ ਨੂੰ ਸ਼ਰੂ ਹੋਵੇਗਾ ਅਤੇ 10 ਫਰਵਰੀ ਸਵੇਰੇ 7.30 ਵਜੇ ਤਕ ਜਾਰੀ ਰਹੇਗਾ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2024 ਵਿੱਚ ਚੋਣਾਂ ਹੋਈਆਂ ਸਨ। ਉਦੋਂ ਜ਼ਿਆਦਾਤਰ ਪਾਰਟੀਆਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਵਿਵਾਦਾਂ ਵਿਚਾਲੇ ਹਸੀਨਾ ਨੇ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਚੋਣਾਂ ਦੇ ਛੇ ਮਹੀਨਿਆਂ ਬਾਅਦ ਸਰਕਾਰ ਖਿਲਾਫ਼ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਸਨ ਅਤੇ ਹਿੰਸਕ ਝੜੱਪਾਂ ਬਾਅਦ ਹਸੀਨਾ 5 ਅਗਸਤ 2024 ਨੂੰ ਮੁਲਕ ਛੱਡ ਕੇ ਭਾਰਤ ਚਲੀ ਗਈ ਸੀ।

