ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫਤੂਹੀਵਾਲਾ ਦੀ ਪਟਾਕਾ ਫੈਕਟਰੀ ’ਚ ਧਮਾਕਾ, ਪੰਜ ਹਲਾਕ

ਕਈ ਨਾਬਾਲਗਾਂ ਸਣੇ 27 ਜ਼ਖ਼ਮੀ; ਫੈਕਟਰੀ ਮਾਲਕ, ਉਸ ਦੀ ਪਤਨੀ ਤੇ ਪੁੱਤਰ ਖ਼ਿਲਾਫ਼ ਕੇਸ ਦਰਜ
ਮਲਬੇ ਵਿੱਚ ਤਬਦੀਲ ਹੋਈ ਪਟਾਕਾ ਫੈਕਟਰੀ ਦੀ ਇਮਾਰਤ।
Advertisement

ਇਕਬਾਲ ਸਿੰਘ ਸ਼ਾਂਤ

ਲੰਬੀ, 30 ਮਈ

Advertisement

ਪਿੰਡ ਫ਼ਤੂਹੀਵਾਲਾ ਦੇ ਖੇਤਾਂ ਵਿੱਚ ਸਥਿਤ ਪਟਾਕਾ ਫੈਕਟਰੀ ’ਚ ਦੇਰ ਰਾਤ ਧਮਾਕੇ ਕਾਰਨ ਪੰਜ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਕਈ ਨਾਬਾਲਗਾਂ ਸਮੇਤ 27 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਬਠਿੰਡਾ ਏਮਜ਼ ਤੇ ਸਿਵਲ ਹਸਪਤਾਲ ਬਾਦਲ ਦਾਖ਼ਲ ਕਰਵਾਇਆ ਗਿਆ ਹੈ। ਘੰਟਿਆਂਬੱਧੀ ਮਸ਼ੱਕਤ ਮਗਰੋਂ ਮਲਬੇ ਹੇਠਾਂ ਦੱਬੀਆਂ ਤਿੰਨ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਸ਼ੈਲੇਂਦਰ, ਨੀਰਜ, ਦਾਨਵੀਰ ਅਤੇ ਅਖਿਲੇਸ਼ ਵਾਸੀ ਉੱਤਰ ਪ੍ਰਦੇਸ਼ ਅਤੇ ਰਾਹੁਲ ਵਜੋਂ ਹੋਈ ਹੈ। ਫੈਕਟਰੀ ਮਾਲਕ ‘ਆਪ’ ਆਗੂ ਤਰਸੇਮ ਸਿੰਘ ਫਰਾਰ ਹੈ। ਹਾਂਲਾਂਕਿ ਪੁਲੀਸ ਨੇ ਤਰਸੇਮ, ਉਸ ਦੀ ਪਤਨੀ ਸੁਖਚੈਨ ਕੌਰ ਅਤੇ ਲੜਕੇ ਨਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਖੇਤੀ ਮੰਤਰੀ ਅਤੇ ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਪਟਾਕਾ ਫੈਕਟਰੀ ਧਮਾਕੇ ’ਚ ਮਾਰੇ ਗਏ ਕਾਰੀਗਰਾਂ ਦੇ ਵਾਰਸਾਂ ਦੀ ਪੰਜਾਬ ਸਰਕਾਰ ਵੱਲੋਂ ਦੋ-ਦੋ ਲੱਖ ਰੁਪਏ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਹੈ। ਮੰਤਰੀ ਨੇ ਫਤੂਹੀਵਾਲਾ ਵਿੱਚ ਪਟਾਕਾ ਫੈਕਟਰੀ ਦਾ ਦੌਰਾ ਕਰਦਿਆਂ ਕਿਹਾ ਕਿ ਜ਼ਖ਼ਮੀਆਂ ਦਾ ਸਰਕਾਰੀ ਪੱਧਰ ’ਤੇ ਮੁਫਤ ਇਲਾਜ ਯਕੀਨੀ ਬਣਾਇਆ ਜਾਵੇਗਾ।

ਫੈਕਟਰੀ ਵਿੱਚ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਪਟਾਕੇ ਬਣਾਉਦੇ ਸਨ, ਜਿਨ੍ਹਾਂ ’ਚੋਂ ਕੁੱਝ ਕਾਰੀਗਰ ਆਪਣੇ ਪਰਿਵਾਰਾਂ ਸਮੇਤ ਵੀ ਰਹਿੰਦੇ ਸਨ। ਪੈਕਿੰਗ ਯੂਨਿਟ ਦੇ ਪਰਵਾਸੀ ਕਾਰੀਗਰ ਅਰੁਣ ਸਕਸੈਨਾ ਨੇ ਦੱਸਿਆ ਕਿ ਬੀਤੀ ਦੇਰ ਰਾਤ 12:50 ਵਜੇ ਹੋਏ ਧਮਾਕੇ ਕਾਰਨ ਦੋ ਮੰਜ਼ਿਲਾ ਫੈਕਟਰੀ ਦੀ ਇਮਾਰਤ ਪਲਾਂ ਵਿੱਚ ਮਲਬੇ ’ਚ ਤਬਦੀਲ ਹੋ ਗਈ ਅਤੇ ਵੱਡੀ ਗਿਣਤੀ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਰੁਣ ਮੁਤਾਬਕ ਉਹ ਫੈਕਟਰੀ ਖੁੱਲ੍ਹੇ ਅਸਮਾਨ ਹੇਠ ਸੁੱਤਾ ਹੋਣ ਕਰਕੇ ਧਮਾਕੇ ਦੀ ਮਾਰ ਤੋਂ ਬਚ ਗਿਆ।

ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਥਰਸ (ਉੱਤਰ ਪ੍ਰਦੇਸ਼) ਦੇ ਠੇਕੇਦਾਰ ਰਾਜ ਕੁਮਾਰ ਦੀ ਅਗਵਾਈ ਹੇਠ ਹੁੰਦਾ ਸੀ, ਜੋ ਘਟਨਾ ਮਗਰੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਹਾਈਡ੍ਰਾ ਮਸ਼ੀਨ ਜ਼ਰੀਏ ਮਲਬਾ ਹਟਾ ਕੇ ਤਿੰਨ ਲਾਸ਼ਾਂ ਬਾਹਰ ਕੱਢੀਆਂ ਗਈਆਂ। ਘਟਨਾ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲੀਸ ਮੁਖੀ ਅਖਿਲ ਚੌਧਰੀ, ਐੱਸਪੀ (ਡੀ) ਮਨਮੀਤ ਸਿੰਘ ਅਤੇ ਮਲੋਟ ਦੇ ਐੱਸਡੀਐੱਮ ਜਸਪਾਲ ਸਿੰਘ ਬਰਾੜ ਮੌਕੇ ’ਤੇ ਪੁੱਜੇ।

ਫੋਰੈਂਸਿਕ ਰੇਂਜ ਫਰੀਦਕੋਟ ਦੇ ਮੁਖੀ ਸੁਖਸਿਮਰਨਪ੍ਰੀਤ ਕੌਰ ਨੇ ਜਾਂਚ ਮਗਰੋਂ ਕਿਹਾ ਕਿ ਮੁੱਢਲੇ ਤੌਰ ’ਤੇ ਪਟਾਕਿਆਂ ਲਈ ਵਰਤੇ ਜਾਣ ਵਾਲੇ ਕੈਮੀਕਲ ਦੀ ਪੁਸ਼ਟੀ ਹੋਈ ਹੈ। ਕੈਮੀਕਲ ਦੇ ਭਰੇ ਤਿੰਨ ਡਰੰਮਾਂ ਅੰਦਰ ਗੈਸ ਹੋਣ ਕਾਰਨ ਉਨ੍ਹਾਂ ਦੀ ਜਾਂਚ ਨਹੀਂ ਹੋ ਸਕੀ।

ਮੌਕੇ ’ਤੇ ‘ਕੌਰਸੈਰ’ ਕੰਪਨੀ ਦੇ ਬਕਸਿਆਂ ਵਿੱਚ ਬਣੇ ਪਟਾਕੇ ਪਏ ਸਨ। ਇਸੇ ਕੰਪਨੀ ਦੇ ਨਾਂ ਵਾਲੇ ਗੱਤੇ ਦੇ ਖਾਲੀ ਬਕਸਿਆਂ ਨਾਲ ਲੱਦਿਆ ਹਰਿਆਣਾ ਨੰਬਰ ਦਾ ਇੱਕ ਛੋਟਾ ਹਾਥੀ ਵੀ ਖੜ੍ਹਾ ਸੀ। ਪੁਲੀਸ ਨੂੰ ਫੈਕਟਰੀ ’ਚੋਂ ਬਣੇ ਹੋਏ ਪਟਾਕਿਆਂ ਦੀਆਂ 180 ਪੇਟੀਆਂ ਬਰਾਮਦ ਹੋਈਆਂ ਹਨ। ਚਾਰ ਘਰੇਲੂ ਐੱਲਪੀਜੀ ਸਿਲੰਡਰ ਅਤੇ ਚਾਰ ਆਕਸੀਜਨ ਸਿਲੰਡਰ ਵੀ ਬਰਾਮਦ ਕੀਤੇ ਗਏ ਹਨ। ਲੰਬੀ ਪੁਲੀਸ ਨੇ ਫੈਕਟਰੀ ਦੇ ਮਾਲਕ ‘ਆਪ’ ਆਗੂ ਤਰਸੇਮ ਸਿੰਘ, ਉਸ ਦੀ ਪਤਨੀ ਸੁਖਚੈਨ ਕੌਰ ਅਤੇ ਲੜਕੇ ਨਵਰਾਜ ਸਿੰਘ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 105, 18 (2), 3(5), ਵਿਸਫੋਟਕ ਐਕਟ 1884 ਦੀ ਧਾਰਾ 9,12 ਅਤੇ ਫੈਕਟਰੀ ਐਕਟ ਦੀ ਧਾਰਾ 98 ਤਹਿਤ ਕੇਸ ਦਰਜ ਕੀਤਾ ਹੈ।

ਗੈਰ-ਕਾਨੂੰਨੀ ਚੱਲਦੀ ਸੀ ਪਟਾਕਾ ਫੈਕਟਰੀ: ਡੀਸੀ

ਪਿੰਡ ਫਤੂਹੀਵਾਲਾ ਵਿੱਚ ਸਥਿਤ ਇਹ ਪਟਾਕਾ ਫੈਕਟਰੀ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੀ ਸੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੈਕਟਰੀ ਚਲਾਉਣ ਸਬੰਧੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਫੈਕਟਰੀ ਸੰਚਾਲਕ ਵੱਲੋਂ ਮਨਜ਼ੂਰੀ ਲਈ ਅਪਲਾਈ ਕੀਤਾ ਗਿਆ ਸੀ ਪਰ ਕਾਰਵਾਈ ਹਾਲੇ ਪ੍ਰਕਿਰਿਆ ਅਧੀਨ ਸੀ। ਫੈਕਟਰੀ ਨੂੰ ਬਿਨਾਂ ਮਨਜ਼ੂਰੀ ਦੇ ਚਲਾਇਆ ਜਾ ਰਿਹਾ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ।

ਫਰਿਸ਼ਤੇ ਸਕੀਮ ਤਹਿਤ ਹੋਵੇਗਾ ਜ਼ਖ਼ਮੀਆਂ ਦਾ ਇਲਾਜ

ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਪਟਾਕਾ ਫੈਕਟਰੀ ਦੇ ਜ਼ਖ਼ਮੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਤਹਿਤ ਕਰਵਾਇਆ ਜਾਵੇਗਾ। ਘਟਨਾ ਮਗਰੋਂ ਪੁਲੀਸ ਮੁਖੀ ਡਾ. ਅਖਿਲ ਚੌਧਰੀ, ਐੱਸਡੀਐੱਮ ਜਸਪਾਲ ਸਿੰਘ ਅਤੇ ਐੱਸਪੀ (ਡੀ) ਮਨਮੀਤ ਸਿੰਘ ਨੇ ਪਿੰਡ ਬਾਦਲ ਵਿਚਲੇ ਸਿਵਲ ਹਸਪਤਾਲ ’ਚ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਇਸੇ ਤਰ੍ਹਾਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਅਤੇ ਰੈੱਡ ਕਰਾਸ ਸਕੱਤਰ ਵੀ ਜ਼ਖ਼ਮੀਆਂ ਨੂੰ ਮਿਲਣ ਏਮਸ ਬਠਿੰਡਾ ਪੁੱਜੇ।

Advertisement