ਬਿਹਾਰ ਚੋਣਾਂ ’ਚ ‘ਇੰਡੀਆ’ ਗੱਠਜੋੜ ਦਾ ਖ਼ਾਤਮਾ ਤੈਅ: ਸ਼ਾਹ
ਚੋਣਾਂ ਤੋਂ ਬਾਅਦ ਸੂਬੇ ਵਿੱਚ ਰਾਹੁਲ ਗਾਂਧੀ ਦੀ ਦੁਕਾਨ ਬੰਦ ਹੋਣ ਦਾ ਕੀਤਾ ਦਾਅਵਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਦੀ ਦੁਕਾਨ ਬਿਹਾਰ ਵਿੱਚ ਜਲਦੀ ਹੀ ਬੰਦ ਹੋ ਜਾਵੇਗੀ, ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਪੂਰੀ ਤਰ੍ਹਾਂ ਖ਼ਤਮ ਹੋਣ ਜਾ ਰਿਹਾ ਹੈ ਅਤੇ ਕੌਮੀ ਜਮਹੂਰੀ ਗੱਠਜੋੜ 160 ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਏਗਾ। ਸ਼ਾਹ ਨੇ ਪੂਰਨੀਆ, ਕਟੀਹਾਰ ਅਤੇ ਸੁਪੌਲ ਵਿੱਚ ਲਗਾਤਾਰ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਬਿਹਾਰ ਦੇ ਸੀਮਾਂਚਲ ਖੇਤਰ ਨੂੰ ਘੁਸਪੈਠੀਆਂ ਦਾ ਗੜ੍ਹ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰੇਕ ਗੈਰ-ਕਾਨੂੰਨੀ ਪਰਵਾਸੀ ਦੀ ਪਛਾਣ ਕਰੇਗੀ, ਉਨ੍ਹਾਂ ਦੇ ਨਾਮ ਵੋਟਰ ਸੂਚੀ ’ਚੋਂ ਹਟਾਏਗੀ ਅਤੇ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਭੇਜੇਗੀ। ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਘੁਸਪੈਠੀਏ ਤੈਅ ਕਰਨ ਤਾਂ ਆਰ ਜੇ ਡੀ-ਕਾਂਗਰਸ ਗੱਠਜੋੜ ਨੂੰ ਹਰਾਓ ਜੋ ਕਿ ਉਨ੍ਹਾਂ ਨੂੰ ਬਚਾਉਣ ਲਈ ਯਾਤਰਾ ਕੱਢ ਰਿਹਾ ਹੈ।’’
ਗ੍ਰਹਿ ਮੰਤਰੀ ਨੇ ਮਹਾਗੱਠਜੋੜ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਅਤੇ ਕਾਂਗਰਸੀ ਆਗੂ ਸੋਨੀਆ ਗਾਂਧੀ, ਦੋਵੇਂ ਆਪੋ ਆਪਣੇ ਪੁੱਤਾਂ ਤੇਜਸਵੀ ਯਾਦਵ ਤੇ ਰਾਹੁਲ ਗਾਂਧੀ ਨੂੰ ਲੈ ਕੇ ਚਿੰਤਤ ਹਨ, ਪਰ ਨਾ ਤਾਂ ਬਿਹਾਰ ਵਿੱਚ ਉਨ੍ਹਾਂ ਲਈ ਕੋਈ ਸੀਟ ਬਚੀ ਹੈ ਤੇ ਨਾ ਹੀ ਦਿੱਲੀ ’ਚ।’’ ਉਨ੍ਹਾਂ ਕਿਹਾ, ‘‘ਸੂਬੇ ਦਾ ਅੱਧਾ ਹਿੱਸਾ ਪਹਿਲਾਂ ਹੀ ਕਾਂਗਰਸ-ਆਰ ਜੇ ਡੀ ਗੱਠਜੋੜ ਨੂੰ ਲਾਂਭੇ ਕਰ ਚੁੱਕਾ ਹੈ।’’

