ਲੋਕ ਮੁੱਦਿਆਂ ’ਤੇ ਚਰਚਾ ਭਾਰਤ ਮਾਤਾ ਨੂੰ ਸ਼ਰਧਾਂਜਲੀ: ਖੜਗੇ
ਸਰਕਾਰ ’ਤੇ ਬੰਗਾਲ ਚੋਣਾਂ ਦੇ ਮੱਦੇਨਜ਼ਰ ਵੰਦੇ ਮਾਤਰਮ ਬਾਰੇ ਚਰਚਾ ਕਰਾਉਣ ਦਾ ਦੋਸ਼
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤ ਮਾਤਾ ਨੂੰ ਸੱਚੀ ਸ਼ਰਧਾਂਜਲੀ ਉਦੋਂ ਮਿਲੇਗੀ, ਜਦੋਂ ਸੰਸਦ ਮੈਂਬਰ ਆਮ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਕਰਨਗੇ ਤੇ ਇਨ੍ਹਾਂ ਦਾ ਹੱਲ ਕੱਢਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੰਗਾਲ ਚੋਣਾਂ ਨੂੰ ਧਿਆਨ ’ਚ ਰਖਦਿਆਂ ਵੰਦੇ ਮਾਤਰਮ ਬਾਰੇ ਚਰਚਾ ਕਰਾਉਣ ਦਾ ਦੋਸ਼ ਲਾਇਆ। ਸ੍ਰੀ ਖੜਗੇ ਨੇ ਸੱਤਾ ਧਿਰ ’ਤੇ ਦੇਸ਼ ਨੂੰ ਦਰਪੇਸ਼ ਅਸਲ ਚੁਣੌਤੀਆਂ ਜਿਵੇਂ ਵਧਦੀ ਬੇਰੁਜ਼ਗਾਰੀ, ਖਰਾਬ ਅਰਥਚਾਰੇ ਤੇ ਰੁਪਏ ਦੀ ਡਿੱਗਦੀ ਕੀਮਤ ਅਤੇ ਹੋਰ ਸਮਾਜਿਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਚਰਚਾ ਕਰਾਉਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਉਨ੍ਹਾਂ ਸਿਰਫ਼ ਬੰਗਾਲ ਚੋਣਾਂ ਨੂੰ ਧਿਆਨ ’ਚ ਰਖਦਿਆਂ ਵੰਦੇ ਮਾਤਰਮ ’ਤੇ ਚਰਚਾ ਸ਼ੁਰੂ ਕੀਤੀ ਹੈ। ਇਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਬਹਿਸ ’ਚ ਹਿੱਸਾ ਲੈਂਦਿਆਂ ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਕਿ ਵੰਦੇ ਮਾਤਰਮ ਦਾ ਨਾਅਰਾ ਦੇਸ਼ ਭਗਤੀ ਲਈ ਹੈ ਪਰ ਇਹ ਸਰਕਾਰ ਅਜਿਹੇ ਨਾਅਰੇ ਪਿੱਛੇ ਆਪਣੇ ਗੁਨਾਹ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ’ਤੇ ਇਤਿਹਾਸਕਾਰ ਸੁਗਾਤਾ ਬੋਸ ਦੀ ਉਸ ਟਿੱਪਣੀ ਦਾ ਹਵਾਲਾ ਦਿੱਤਾ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਰਵਿੰਦਰਨਾਥ ਟੈਗੋਰ ਦੀ ਸਲਾਹ ’ਤੇ ਹੀ ਪਾਰਟੀ ਨੇ 1937 ’ਚ ਫ਼ੈਸਲਾ ਕੀਤਾ ਸੀ ਕਿ ਰਾਸ਼ਟਰੀ ਮੀਟਿੰਗਾਂ ’ਚ ‘ਵੰਦੇ ਮਾਤਰਮ’ ਦਾ ਸਿਰਫ਼ ਪਹਿਲਾ ਹਿੱਸਾ ਹੀ ਗਾਇਆ ਜਾਵੇਗਾ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਮਿਲਿੰਦ ਦਿਓੜਾ ਨੇ ਕਿਹਾ ਕਿ ਸੰਗੀਤਕਾਰ ਏ ਆਰ ਰਹਿਮਾਨ ਦੇ ਵੰਦੇ ਮਾਤਰਮ ਗੀਤ ਗਾਏ ਜਾਣ ਨਾਲ ਉਹ ਸਾਰੇ ਲੋਕ ਗ਼ਲਤ ਸਾਬਤ ਹੋ ਗਏ ਹਨ ਜੋ 88 ਸਾਲ ਪਹਿਲਾਂ ਕੌਮੀ ਗੀਤ ਨੂੰ ਛੋਟਾ ਕਰਨ ਲਈ ਜ਼ਿੰਮੇਵਾਰ ਸਨ, ਕਿਉਂਕਿ ਸੰਗੀਤਕਾਰ ਰਹਿਮਾਨ ਮੁਸਲਮਾਨ ਹਨ। ਇਸੇ ਦੌਰਾਨ ਰਾਜ ਸਭਾ ਦੀ ਨਾਮਜ਼ਦ ਮੈਂਬਰ ਸੁਧਾ ਮੂਰਤੀ ਨੇ ਸਰਕਾਰ ਨੂੰ ਸੱਦਾ ਦਿੱਤਾ ਕਿ ਪ੍ਰਾਇਮਰੀ ਤੇ ਹਾਈ ਸਕੂਲਾਂ ’ਚ ਕੌਮੀ ਗੀਤ ‘ਵੰਦੇ ਮਾਤਰਨ’ ਗਾਉਣਾ ਲਾਜ਼ਮੀ ਕੀਤਾ ਜਾਵੇ।

