DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਹਿਰੀਲੀ ਸ਼ਰਾਬ ਕਾਰਨ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪੁੱਜੀ

ਦਿੱਲੀ ਦੇ ਦੋ ਵਪਾਰੀ ਕਾਬੂ;ਹੁਣ ਤੱਕ 15 ਮੁਲਜ਼ਮ ਗ੍ਰਿਫ਼ਤਾਰ ਕੀਤੇ
  • fb
  • twitter
  • whatsapp
  • whatsapp
Advertisement

ਜਗਤਾਰ ਸਿੰਘ ਲਾਂਬਾ/ਰਾਜਨ ਮਾਨ

ਅੰਮ੍ਰਿਤਸਰ/ਮਜੀਠਾ, 14 ਮਈ

Advertisement

ਮਜੀਠਾ ਨੇੜਲੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ ਵਿਅਕਤੀਆਂ ’ਚੋਂ ਦੋ ਹੋਰ ਦੀ ਅੱਜ ਮੌਤ ਹੋ ਗਈ। ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ ਜਦਕਿ ਅੱਠ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਉਧਰ, ਇਸ ਘਟਨਾ ਦੇ ਸਬੰਧ ਵਿੱਚ ਹੁਣ ਤੱਕ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਪਿਤਾ-ਪੁੱਤਰ ਵੀ ਸ਼ਾਮਲ ਹਨ। ਉਹ ਉੱਥੇ ਭਾਰਤ ਹੈਵੀ ਕੈਮੀਕਲਜ਼ ਦੇ ਨਾਮ ’ਤੇ ਇੱਕ ਫਰਮ ਚਲਾਉਂਦੇ ਹਨ। ਉਨ੍ਹਾਂ ਦੀ ਪਛਾਣ ਰਵਿੰਦਰ ਜੈਨ ਅਤੇ ਰਾਜੀਵ ਕੁਮਾਰ ਜੈਨ ਵਜੋਂ ਹੋਈ ਹੈ। ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐੱਸਐੱਸਪੀ ਮਨਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਸ ਮਾਮਲੇ ਵਿੱਚ ਕੁੱਲ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਰਾਜਾ ਵਾਸੀ ਭੰਗਾਲੀ ਕਲਾਂ ਅਤੇ ਰਾਜਾਸਾਂਸੀ ਦਾ ਰਹਿਣ ਵਾਲਾ ਰਵੀ ਕੁਮਾਰ ਫ਼ਰਾਰ ਹਨ। ਜ਼ਹਿਰੀਲੀ ਸ਼ਰਾਬ ਪੀ ਕੇ ਬਿਮਾਰ ਹੋਣ ਵਾਲਿਆਂ ’ਚੋਂ ਅੱਜ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਬਲਕਾਰ ਸਿੰਘ (45) ਅਤੇ ਸਾਹਿਬ ਸਿੰਘ (50) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਭੰਗਵਾਂ ਦੇ ਵਸਨੀਕ ਸਨ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ 10 ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਭਜੀਤ ਸਿੰਘ, ਕੁਲਬੀਰ ਸਿੰਘ, ਸਾਹਿਬ ਸਿੰਘ, ਗੁਰਜੰਟ ਸਿੰਘ, ਮਰਾੜੀ ਕਲਾਂ ਦਾ ਸਿਕੰਦਰ ਸਿੰਘ, ਨਿੰਦਰ ਕੌਰ, ਪਰਮਜੀਤ ਸਿੰਘ ਥਰੀਏਵਾਲ, ਸਾਹਿਬ ਸਿੰਘ ਹਰਸ਼ ਛੀਨਾ, ਲੁਧਿਆਣਾ ਦੇ ਦੋ ਵਪਾਰੀ ਅਰਵਿੰਦਰ ਕੁਮਾਰ ਅਤੇ ਪੰਕਜ ਕੁਮਾਰ, ਭੰਗਵਾਂ ਦਾ ਗੁਰਮੀਤ ਸਿੰਘ, ਜੰਡਿਆਲਾ ਗੁਰੂ ਦਾ ਨਵਦੀਪ ਸਿੰਘ, ਪਤਾਲਪੁਰੀ ਪਿੰਡ ਦਾ ਅਰੁਣ ਅਤੇ ਕਰਨਾਲਾ ਪਿੰਡ ਦਾ ਸੁੰਦਰ ਸ਼ਾਮਲ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਪਿੰਡ ਭੰਗਾਲੀ ਕਲਾਂ ਦੇ ਛੇ ਵਿਅਕਤੀ, ਪਿੰਡ ਮਰੜੀ ਕਲਾਂ ਦੇ ਪੰਜ, ਪਿੰਡ ਥਰੀਏ ਵਾਲ ਦੇ ਤਿੰਨ, ਪਿੰਡ ਭੰਗਵਾਂ ਦੇ ਚਾਰ ਵਿਅਕਤੀ ਅਤੇ ਥਾਣਾ ਕੱਥੂਨੰਗਲ ਅਧੀਨ ਆਉਂਦੇ ਖੇਤਰ ਦੇ ਪੰਜ ਵਿਅਕਤੀ ਸ਼ਾਮਲ ਹਨ। ਇਸ ਦੌਰਾਨ ਨਿੰਦਰ ਕੌਰ ਸਣੇ ਸਾਰੇ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਅਦਾਲਤ ਤੋਂ ਮੁਲਜ਼ਮਾਂ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ।

ਪੁਲੀਸ ਨੇ ਪਿੰਡਾਂ ਦੇ ਸਥਾਨਕ ਵਿਤਰਕਾਂ ਨੂੰ ਗ੍ਰਿਫ਼ਤਾਰ ਕੀਤਾ

ਡੀਆਈਜੀ ਅਤੇ ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਪਿੰਡਾਂ ਦੇ ਸਥਾਨਕ ਵਿਤਰਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪ੍ਰਭਜੀਤ ਸਿੰਘ ਅਤੇ ਉਸ ਦੇ ਭਰਾ ਕੁਲਬੀਰ ਸਿੰਘ ਦਾ ਨਾਮ ਲਿਆ ਹੈ ਜੋ ਉਨ੍ਹਾਂ ਨੂੰ ਸ਼ਰਾਬ ਸਪਲਾਈ ਕਰਦੇ ਸਨ। ਇਸ ਮਾਮਲੇ ਵਿੱਚ ਪੁਲੀਸ ਨੂੰ ਸਾਹਿਬ ਸਿੰਘ ਦੇ ਮੋਬਾਈਲ ਫੋਨ ਤੋਂ ਠੋਸ ਸਬੂਤ ਮਿਲੇ ਅਤੇ ਉਸ ਦੀ ਵੱਟਸਐਪ ਚੈਟ ਤੋਂ ਪਤਾ ਲੱਗਿਆ ਕਿ ਉਸ ਨੇ ਲੁਧਿਆਣਾ ਦੀ ਫਰਮ ਤੋਂ ਲਗਪਗ 50 ਲਿਟਰ ਮੀਥੇਨੌਲ ਖਰੀਦਿਆ ਸੀ ਅਤੇ ਦਿੱਲੀ ਦੀ ਫਰਮ ਤੋਂ 600 ਲਿਟਰ ਕੈਮੀਕਲ ਵੀ ਮੰਗਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਨੇ ਲੁਧਿਆਣਾ ਸਥਿਤ ਦੋ ਫਰਮਾਂ ਦੇ ਮਾਲਕਾਂ ਅਰਵਿੰਦਰ ਕੁਮਾਰ ਅਤੇ ਪੰਕਜ ਕੁਮਾਰ ਨੂੰ ਜਮਾਲਪੁਰ (ਲੁਧਿਆਣਾ) ਤੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਟੀਮਾਂ ਨੂੰ ਤੁਰੰਤ ਦਿੱਲੀ ਭੇਜਿਆ ਗਿਆ ਅਤੇ ਦਿੱਲੀ ਦੀ ਕੰਪਨੀ ਦੇ ਮਾਲਕ ਰਵਿੰਦਰ ਕੁਮਾਰ ਜੈਨ ਅਤੇ ਰਾਜੀਵ ਕੁਮਾਰ ਜੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਹਿਬ ਨੇ ਪ੍ਰਭਜੀਤ ਅਤੇ ਕੁਲਬੀਰ ਨੂੰ ਮੀਥੇਨੌਲ ਦਾ ਇੱਕ ਡੱਬਾ ਦਿੱਤਾ ਸੀ ਜਿਨ੍ਹਾਂ ਨੇ ਇਸ ਨੂੰ ਪਤਲਾ ਕਰਨ ਤੋਂ ਬਾਅਦ ਵਿਤਰਕਾਂ ਨੂੰ ਅੱਗੇ ਵੇਚ ਦਿੱਤਾ। ਘਟਨਾ ਤੋਂ ਬਾਅਦ ਉਸ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਅਤੇ ਰੂਪੋਸ਼ ਹੋ ਗਿਆ ਪਰ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਦਿਹਾਤੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਵਿਰੁੱਧ ਆਬਕਾਰੀ ਐਕਟ ਦੇ ਲਗਪਗ 10 ਕੇਸ ਦਰਜ ਹਨ।

Advertisement
×