Constitution Amendment Bill: ਵਿਰੋਧੀ ਧਿਰ ਲੋਕਾਂ ਸਾਹਮਣੇ ਬੇਨਕਾਬ: ਸ਼ਾਹ
ਲੋਕ ਸਭਾ ਵਿੱਚ ਸੰਵਿਧਾਨਕ ਸੋਧ ਬਿੱਲ ਪੇਸ਼ ਕਰਨ ਦੇ ਵਿਰੋਧ ਲਈ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ, ਜੋ ਨੇਤਾਵਾਂ ਨੂੰ ਜੇਲ੍ਹ ਵਿੱਚ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਜਾਂ ਕੇਂਦਰੀ ਅਤੇ ਰਾਜ ਮੰਤਰੀ ਵਰਗੇ ਸੰਵਿਧਾਨਕ ਅਹੁਦੇ ਸੰਭਾਲਣ ਤੋਂ ਰੋਕੇਗਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗੱਠਜੋੜ, ਭ੍ਰਿਸ਼ਟਾਚਾਰ ਨੂੰ ਬਚਾਉਂਦਿਆਂ ਵਿਰੋਧ ਕਰਨ ਲਈ ਬੇਸ਼ਰਮੀ ਨਾਲ ਇੱਕਜੁੱਟ ਹੋ ਗਿਆ ਹੈ।’
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ।
ਅਮਿਤ ਸ਼ਾਹ ਨੇ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨਾਲ ਹੋਏ ਝਗੜੇ ਦਾ ਜ਼ਿਕਰ ਕੀਤਾ ਜਦੋਂ ਉਹ ਤਿੰਨ ਬਿੱਲ ਪੇਸ਼ ਕਰ ਰਹੇ ਸਨ।
ਅਮਿਤ ਸ਼ਾਹ ਨੇ ਕਿਹਾ, ‘‘ਅੱਜ ਸਦਨ ਵਿੱਚ, ਇੱਕ ਕਾਂਗਰਸੀ ਨੇਤਾ ਨੇ ਮੇਰੇ ਵਿਰੁੱਧ ਨਿੱਜੀ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਕਾਂਗਰਸ ਨੇ ਮੈਨੂੰ ਪੂਰੀ ਤਰ੍ਹਾਂ ਮਨਘੜਤ ਮਾਮਲੇ ਵਿੱਚ ਫਸਾਇਆ ਅਤੇ ਮੈਨੂੰ ਗ੍ਰਿਫ਼ਤਾਰ ਕੀਤਾ, ਤਾਂ ਮੈਂ ਅਸਤੀਫ਼ਾ ਨਹੀਂ ਦਿੱਤਾ। ਮੈਂ ਕਾਂਗਰਸ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ। ਮੈਂ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਵੀ ਕੋਈ ਸੰਵਿਧਾਨਕ ਅਹੁਦਾ ਨਹੀਂ ਰੱਖਿਆ, ਜਦੋਂ ਤੱਕ ਅਦਾਲਤ ਨੇ ਮੈਨੂੰ ਪੂਰੀ ਤਰ੍ਹਾਂ ਬਰੀ ਨਹੀਂ ਕਰ ਦਿੱਤਾ।’’
ਉਨ੍ਹਾਂ ਕਿਹਾ, ‘‘ਮੇਰੇ ਖ਼ਿਲਾਫ਼ ਫਰਜ਼ੀ ਕੇਸ ਨੂੰ ਅਦਾਲਤ ਨੇ ਇਸ ਸਪੱਸ਼ਟ ਟਿੱਪਣੀ ਨਾਲ ਖਾਰਜ ਕਰ ਦਿੱਤਾ ਕਿ ਇਹ ਰਾਜਨੀਤਿਕ ਬਦਲਾਖੋਰੀ ਤੋਂ ਪ੍ਰੇਰਿਤ ਸੀ। ਭਾਜਪਾ ਅਤੇ ਐੱਨਡੀਏ ਹਮੇਸ਼ਾ ਨੈਤਿਕ ਕਦਰਾਂ-ਕੀਮਤਾਂ ਲਈ ਖੜ੍ਹੇ ਰਹੇ ਹਨ। ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੇ ਵੀ ਸਿਰਫ਼ ਦੋਸ਼ਾਂ ਦੇ ਆਧਾਰ ’ਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੂਜੇ ਪਾਸੇ, ਕਾਂਗਰਸ ਪਾਰਟੀ ਸ੍ਰੀਮਤੀ ਇੰਦਰਾ ਗਾਂਧੀ ਦੁਆਰਾ ਸ਼ੁਰੂ ਕੀਤੀ ਗਈ ਅਨੈਤਿਕ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ।’’
ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਦੋਹਰੇ ਮਾਪਦੰਡਾਂ ਦਾ ਦੋਸ਼ ਲਗਾਇਆ।
ਸ਼ਾਹ ਨੇ ਕਿਹਾ, ‘‘ਉਹੀ ਸ੍ਰੀ ਲਾਲੂ ਪ੍ਰਸਾਦ ਯਾਦਵ ਜੀ, ਜਿਨ੍ਹਾਂ ਨੂੰ ਕਾਨੂੰਨ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਨੇ ਇੱਕ ਵਾਰ ਆਰਡੀਨੈਂਸ ਲਿਆਂਦਾ ਸੀ, ਇੱਕ ਅਜਿਹਾ ਕਦਮ ਜਿਸ ਦਾ ਸਸ੍ਰੀ ਰਾਹੁਲ ਗਾਂਧੀ ਨੇ ਵੀ ਵਿਰੋਧ ਕੀਤਾ ਸੀ, ਅੱਜ ਪਟਨਾ ਦੇ ਗਾਂਧੀ ਮੈਦਾਨ ਵਿੱਚ ਰਾਹੁਲ ਗਾਂਧੀ ਦੁਆਰਾ ਅਪਣਾਇਆ ਜਾ ਰਿਹਾ ਹੈ। ਲੋਕ ਇਸ ਦੋਹਰੇ ਮਾਪਦੰਡ ਨੂੰ ਸਪੱਸ਼ਟ ਤੌਰ ’ਤੇ ਸਮਝਦੇ ਹਨ।’’
ਅਮਿਤ ਸ਼ਾਹ ਨੇ ਕਿਹਾ ਕਿ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਬਿੱਲਾਂ ਨੂੰ ਹੋਰ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ, ‘‘ਇਹ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਇਸ ਬਿੱਲ ਨੂੰ ਵਿਸਥਾਰਪੂਰਵਕ ਚਰਚਾ ਲਈ ਸੰਸਦ ਦੀ ਸਾਂਝੀ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ, ਫਿਰ ਵੀ ਕਾਂਗਰਸ ਦੀ ਅਗਵਾਈ ਹੇਠ ਪੂਰਾ ‘ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰ ਨੂੰ ਢੱਕਣ ਲਈ ਸ਼ਰਮਨਾਕ ਢੰਗ ਨਾਲ ਇਸ ਦਾ ਵਿਰੋਧ ਕਰਨ ਲਈ ਬੇਸ਼ਰਮੀ ਨਾਲ ਇੱਕਜੁੱਟ ਹੋ ਗਿਆ ਹੈ।’’
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕਾਰਜ ਸੰਸਕ੍ਰਿਤੀ ਅਤੇ ਨੀਤੀ ਸੰਵਿਧਾਨਕ ਸੋਧਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਕਾਨੂੰਨ ਤੋਂ ਉੱਪਰ ਰੱਖਣ ਦੀ ਰਹੀ ਹੈ, ਪਰ ਭਾਜਪਾ ਦੀ ਨੀਤੀ ਸਾਡੇ ਆਪਣੇ ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਮੁੱਖ ਮੰਤਰੀਆਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਦੀ ਹੈ।
ਸ਼ਾਹ ਨੇ ਕਿਹਾ, ‘‘ਇੱਕ ਪਾਸੇ, ਪ੍ਰਧਾਨ ਮੰਤਰੀ ਸ੍ਰੀ @narendramodi ਜੀ ਨੇ ਆਪਣੇ-ਆਪ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਲਈ ਇੱਕ ਸੰਵਿਧਾਨਕ ਸੋਧ ਪੇਸ਼ ਕੀਤੀ ਹੈ। ਦੂਜੇ ਪਾਸੇ, ਕਾਂਗਰਸ ਦੀ ਅਗਵਾਈ ਹੇਠ, ਪੂਰੀ ਵਿਰੋਧੀ ਧਿਰ ਨੇ ਕਾਨੂੰਨ ਤੋਂ ਉੱਪਰ ਰਹਿਣ, ਜੇਲ੍ਹ ਵਿੱਚੋਂ ਸਰਕਾਰਾਂ ਚਲਾਉਣ ਅਤੇ ਸੱਤਾ ਨਾਲ ਜੁੜੇ ਰਹਿਣ ਲਈ ਇਸ ਦਾ ਵਿਰੋਧ ਕੀਤਾ ਹੈ। ਰਾਸ਼ਟਰ ਉਸ ਸਮੇਂ ਨੂੰ ਵੀ ਯਾਦ ਕਰਦਾ ਹੈ, ਜਦੋਂ ਇਸ ਬਹੁਤ ਹੀ ਸਤਿਕਾਰਤ ਸਦਨ ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੇ ਸੰਵਿਧਾਨਕ ਸੋਧ ਨੰਬਰ 39 ਰਾਹੀਂ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਅਧਿਕਾਰ ਦਿੱਤਾ ਸੀ, ਇਹ ਯਕੀਨੀ ਬਣਾਉਂਦਿਆਂ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾ ਸਕੇ।’’
ਇਸ ਤੋਂ ਪਹਿਲਾਂ ਅੱਜ ਲੋਕ ਸਭਾ ਵਿੱਚ ਤਿੰਨ ਬਿੱਲ ਪੇਸ਼ ਕਰਨ ਸਬੰਧੀ ਵੇਣੂਗੋਪਾਲ ਅਤੇ ਅਮਿਤ ਸ਼ਾਹ ਵਿਚਾਲੇ ਜ਼ੁਬਾਨੀ ਬਹਿਸ ਹੋਈ।
ਵੇਣੂਗੋਪਾਲ ਨੇ ਦੋਸ਼ ਲਗਾਇਆ ਕਿ ਇਹ ਬਿੱਲ ਸੰਵਿਧਾਨ ਦੇ ਮੂਲ ਸਿਧਾਂਤਾਂ ਨੂੰ ਤੋੜਨ ਲਈ ਹੈ।
ਉਨ੍ਹਾਂ ਪੁੱਛਿਆ, ‘‘ਭਾਜਪਾ ਮੈਂਬਰ ਕਹਿ ਰਹੇ ਹਨ ਕਿ ਇਹ ਬਿੱਲ ਰਾਜਨੀਤੀ ਵਿੱਚ ਨੈਤਿਕਤਾ ਲਿਆਉਣ ਲਈ ਹੈ। ਕੀ ਮੈਂ ਗ੍ਰਹਿ ਮੰਤਰੀ ਤੋਂ ਇੱਕ ਸਵਾਲ ਪੁੱਛ ਸਕਦਾ ਹਾਂ? ਜਦੋਂ ਉਹ ਗੁਜਰਾਤ ਦੇ ਗ੍ਰਹਿ ਮੰਤਰੀ ਸਨ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ - ਕੀ ਉਨ੍ਹਾਂ ਨੇ ਉਸ ਸਮੇਂ ਨੈਤਿਕਤਾ ਨੂੰ ਕਾਇਮ ਰੱਖਿਆ ਸੀ?
ਸ਼ਾਹ ਨੇ ਪਲਟਵਾਰ ਕਰਦਿਆਂ ਕਿਹਾ, ‘‘ਮੈਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ, ਮੈਂ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਜਦੋਂ ਤੱਕ ਮੈਨੂੰ ਅਦਾਲਤ ਵੱਲੋਂ ਨਿਰਦੋਸ਼ ਐਲਾਨ ਨਹੀਂ ਐਲਾਨਿਆ ਗਿਆ, ਮੈਂ ਕੋਈ ਸੰਵਿਧਾਨਕ ਅਹੁਦਾ ਸਵੀਕਾਰ ਨਹੀਂ ਕੀਤਾ।’’
ਸੰਵਿਧਾਨ (ਇੱਕ ਸੌ ਤੇਰ੍ਹਵਾਂ ਸੋਧ) ਬਿੱਲ, 2025, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਕਾਰ (ਸੋਧ) ਬਿੱਲ, 2025 ਅਤੇ ਜੰਮੂ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2025 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਲੋਕ ਸਭਾ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਗਿਆ।