ਪੂਤਿਨ ਦੇ ਸਹਿਯੋਗੀ ਨਾਲ ਜੁੜੀ ਕੰਪਨੀ ’ਤੇ 71 ਲੱਖ ਡਾਲਰ ਜੁਰਮਾਨਾ
ਸੰਪਤੀਆਂ ਦਾ ਪ੍ਰਬੰਧਨ ਕਰ ਕੇ ਪਾਬੰਦੀਆਂ ਦੀ ੳੁਲੰਘਣਾ ਕਰਨ ਦਾ ਦੋਸ਼
ਅਮਰੀਕਾ ਦੇ ਵਿੱਤ ਵਿਭਾਗ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕਰੀਬੀ ਕਾਰੋਬਾਰੀ ਓਲੇਗ ਦੇਰਿਪਸਕਾ ਦੀ ਆਲੀਸ਼ਾਨ ਰਿਅਲ ਅਸਟੇਟ ਸੰਪਤੀਆਂ ਦਾ ਪ੍ਰਬੰਧਨ ਕਰ ਕੇ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨਿਊਯਾਰਕ ਸਥਿਤ ਇਕ ਕੰਪਨੀ ’ਤੇ 71 ਲੱਖ ਡਾਲਰ ਦਾ ਜੁਰਮਾਨਾ ਠੋਕਿਆ ਹੈ। ਵਿੱਤ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਕੰਟਰੋਲ ਦਫਤਰ ਨੇ ਕਿਹਾ ਕਿ ਗ੍ਰੇਸਟਾਊਨ ਨਾਮ ਦੀ ਸੰਪਤੀ ਪ੍ਰਬੰਧਨ ਕੰਪਨੀ ਨੂੰ ਦੇਰਿਪਸਕਾ ਦੀ ਮਾਲਕੀ ਵਾਲੀ ਕੰਪਨੀ ਵੱਲੋਂ ਅਪਰੈਲ 2018 ਤੋਂ ਮਈ 2020 ਦਰਮਿਆਨ 24 ਵਾਰ ਭੁਗਤਾਨ ਰਾਹੀਂ ਕੁੱਲ 31,250 ਡਾਲਰ ਦੀ ਰਕਮ ਮਿਲੀ। ਗ੍ਰੇਸਟਾਊਨ ਨੂੰ ਨੋਟਿਸ ਜਾਰੀ ਕਰ ਕੇ ਆਖਿਆ ਗਿਆ ਸੀ ਕਿ ਦੇਰਿਪਸਕਾ ਨਾਲ ਲੈਣ-ਦੇਣ ’ਤੇ ਪਾਬੰਦੀ ਹੈ ਪਰ ਕੰਪਨੀ ਨੇ ਆਪਣਾ ਕੰਮ ਜਾਰੀ ਰੱਖਿਆ। ਨਿਆਂ ਵਿਭਾਗ ਦੀ 2022 ਦੀ ਰਿਪੋਰਟ ’ਚ ਗ੍ਰੇਸਟਾਊਨ ਦਾ ਸਬੰਧ ਬਰਤਾਨੀਆ ਦੇ ਕਾਰੋਬਾਰੀ ਗ੍ਰਾਹਮ ਬੋਨਹਮ-ਕਾਰਟਰ ਨਾਲ ਦੱਸਿਆ ਗਿਆ ਹੈ ਜਿਸ ਨੂੰ ਅਕਤੂਬਰ 2022 ’ਚ ਦੇਰਿਪਸਕਾ ’ਤੇ ਲਗਾਈ ਗਈ ਅਮਰੀਕੀ ਪਾਬੰਦੀ ਨੂੰ ਤੋੜਨ ਦੀ ਸਾਜ਼ਿਸ਼ ਅਤੇ ਫੰਡ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ।
ਦੇਰਿਪਸਕਾ 2018 ਤੋਂ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਵਿੱਤ ਮੰਤਰਾਲੇ ਨੇ ਉਸ ’ਤੇ ਸੀਨੀਅਰ ਰੂਸੀ ਅਫਸਰਾਂ ਦੇ ਇਸ਼ਾਰੇ ’ਤੇ ਕੰਮ ਕਰਨ ਅਤੇ ਰੂਸ ਦੇ ਊਰਜਾ ਖੇਤਰ ’ਚ ਕਾਰੋਬਾਰ ਕਰਨ ਦਾ ਦੋਸ਼ ਲਾਇਆ ਸੀ।

