DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Blackout: ਸ੍ਰੀ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੇ ਦਾਅਵੇ ਰੱਦ

ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਸੁਮੇਰ ਦੇ ਦਾਅਵਿਆਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ
  • fb
  • twitter
  • whatsapp
  • whatsapp
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 20 ਮਈ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਤੋਂ ਬਾਅਦ ਭਾਰਤੀ ਫੌਜ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ਕਿ ਪਾਕਿਸਤਾਨੀ ਫ਼ੌਜ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਥੇ ਭਾਰਤੀ ਫ਼ੌਜ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਤੈਨਾਤ ਕੀਤੀਆਂ ਗਈਆਂ ਸਨ।

ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਨੇ ਬੀਤੇ ਦਿਨ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫ਼ੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਦਾਅਵਾ ਕੀਤਾ ਗਿਆ ਸੀ।

ਇਸ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪਰ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ, ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜ਼ਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਹੈੱਡ ਗ੍ਰੰਥੀ ਵੱਲੋਂ ਫ਼ੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਇਸ ਪਾਵਨ ਅਸਥਾਨ ’ਤੇ ਤੈਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ, ਅਖੰਡ ਪਾਠ ਵਾਲੇ ਅਸਥਾਨ ਅਤੇ ਹੋਰ ਸਬੰਧਿਤ ਗੁਰੂ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ, ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ।

ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਬਣੇ ਹਾਲਾਤ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ।

ਵਧੀਕ ਹੈੱਡ ਗ੍ਰੰਥੀ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰ ਅਜਿਹਾ ਕਹਿਣਾ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਵਧੀਕ ਮੁੱਖ ਗ੍ਰੰਥੀ ਵਜੋਂ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।

ਪ੍ਰਸ਼ਾਸਨ ਨੂੰ ਸਿਰਫ਼ ਬਲੈਕਆਊਟ ’ਚ ਸਹਿਯੋਗ ਦਿੱਤਾ: ਧਾਮੀ

ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ‘‘ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ’ਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ।’’ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ।

ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਕਰਨਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਜਾਣਕਾਰੀ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਗੰਨਾਂ ਲਗਾਉਣ ਬਾਰੇ ਕੋਈ ਗੱਲ ਨਹੀਂ ਹੋਈ: ਗਿਆਨੀ ਰਘਬੀਰ ਸਿੰਘ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਬੀਤੇ ਦਿਨੀਂ ਜਦੋਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ ਪਰ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਮੁੱਖ ਗ੍ਰੰਥੀ ਨੇ ਫ਼ੌਜ ਦੇ ਅਧਿਕਾਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।

Advertisement
×