ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਇਹ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ।
ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਹੁਣ ਤੱਕ ਹਰੇਕ ਥਾਂ ਵੋਟਾਂ ਦੀ ਚੋਰੀ ਕਰ ਕੇ ਚੋਣਾਂ ਜਿੱਤਦੀ ਆਈ ਹੈ। ਉਨ੍ਹਾਂ ਕਿਹਾ, ‘‘ਅਸੀਂ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਿ ਕਿਵੇਂ ਭਾਜਪਾ ਅਤੇ ਚੋਣ ਕਮਿਸ਼ਨ ਨੇ ਹਰਿਆਣਾ ਚੋਣਾਂ ਚੋਰੀ ਕੀਤੀਆਂ ਸਨ। ਮੈਨੂੰ ਵਿਸ਼ਵਾਸ ਹੈ ਕਿ ਉਹ ਬਿਹਾਰ ਵਿੱਚ ਵੀ ਵੋਟਾਂ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ; ਤੇ ਮੇਰਾ ਮੰਨਣਾ ਹੈ ਕਿ ਬਿਹਾਰ ਦੀਆਂ ਪਿਛਲੀਆਂ ਚੋਣਾਂ ਵਿੱਚ ਵੀ ਵੋਟ ਚੋਰੀ ਕੀਤੀ ਗਈ ਸੀ। ਇਹ ਬਿਹਾਰ ਦੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਧੱਕੇਸ਼ਾਹੀ ਨੂੰ ਰੋਕਣ ਲਈ ਅੱਗੇ ਆਉਣ ਅਤੇ ਸੰਵਿਧਾਨ ਨੂੰ ਬਚਾਉਣ। ਤੁਹਾਨੂੰ ਸਾਰਿਆਂ ਨੂੰ ਪੋਲਿੰਗ ਬੂਥਾਂ ’ਤੇ ਚੌਕਸ ਰਹਿਣਾ ਪਵੇਗਾ।’’ ਪੂਰਨੀਆ ਰੈਲੀ ਵਿੱਚ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ ਤੋਂ ਬਾਅਦ ‘ਮਹਾਗੱਠਜੋੜ ਦੇ ਵੋਟਰਾਂ’ ਸਣੇ ਲੱਖਾਂ ਵੋਟਰਾਂ ਦੇ ਨਾਮ ਸੂਚੀ ’ਚੋਂ ਹਟਾ ਦਿੱਤੇ ਗਏ।
‘ਕੰਮ ਪੂਰਾ ਹੋਣ ’ਤੇ ਵਿਆਹ ਕਰਾਉਣਗੇ ਰਾਹੁਲ’
ਅਰੱਰੀਆ: ਬਿਹਾਰ ਦੇ ਅਰੱਰੀਆ ਜ਼ਿਲ੍ਹੇ ਵਿੱਚ ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਇਕ ਲੜਕੇ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਹ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਵਿਆਹ ਕਰਨਗੇ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਸਕਰਾਉਂਦੇ ਹੋਏ ਇਕ ਲੜਕਾ ਰਾਹੁਲ ਗਾਂਧੀ ਕੋਲ ਪਹੁੰਚਦਾ ਹੈ ਅਤੇ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਉਸ ਨਾਲ ਗੱਲ ਕਰਨ ਲਈ ਰੁਕਦੇ ਹਨ। ਵੀਡੀਓ ਕਲਿੱਪ ਵਿੱਚ ਆਵਾਜ਼ ਸਾਫ਼ ਨਹੀਂ ਹੈ ਪਰ ਰਾਹੁਲ ਗਾਂਧੀ ਭੀੜ ਦੇ ਨਾਲ ਅੱਗੇ ਵਧਣ ਤੋਂ ਪਹਿਲਾਂ ਲੜਕੇ ਨਾਲ ਹੱਥ ਮਿਲਾਉਂਦੇ ਹਨ, ਗੱਲਬਾਤ ਕਰਦੇ ਹਨ।

