ਲਲਿਤ ਮੋਹਨਰੋਪੜ, 20 ਮਈਸਿੱਖ ਗੁਰੂਆਂ ਦੀਆਂ ਪੇਂਟਿੰਗਾਂ ਬਣਾਉਣ ਵਾਲੇ ਪ੍ਰਸਿੱਧ ਕਲਾਕਾਰ ਸ਼ੋਭਾ ਸਿੰਘ ਦੇ ਪਰਿਵਾਰ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੀ ਪੇਂਟਿੰਗ ਦੀ ਅਣਅਧਿਕਾਰਤ ਵਰਤੋਂ ’ਤੇ ਇਤਰਾਜ਼ ਜਤਾਇਆ।ਦਿ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਸ਼ੋਭਾ ਸਿੰਘ ਦੇ ਪੋਤੇ ਹਿਰਦੇਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਇਹ ਹੈ ਕਿ ਪੇਂਟਿੰਗ ਨੂੰ ਕਲਾਕਾਰ ਦਾ ਬਣਦਾ credit ਦਿੱਤੇ ਬਿਨਾਂ ਵਰਤਿਆ ਗਿਆ ਹੈ।ਹਿਰਦੇਪਾਲ ਸਿੰਘ ਨੇ ਕਿਹਾ, ‘‘ਅਸੀਂ ਵਿੱਤੀ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਹਾਂ। ਸਾਡੀ ਇੱਕੋ-ਇੱਕ ਬੇਨਤੀ ਸੀ ਕਿ ਸਰਕਾਰ ਸ਼ੋਭਾ ਸਿੰਘ ਦੇ ਪਰਿਵਾਰ ਤੋਂ ਰਸਮੀ ਤੌਰ ’ਤੇ ਇਜਾਜ਼ਤ ਲਵੇ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਪੇਂਟਿੰਗ ਨੂੰ ਜਨਤਕ ਪਲੈਟਫਾਰਮਾਂ ’ਤੇ ਸਾਂਝਾ ਕਰਨ ਤੋਂ ਪਹਿਲਾਂ ਕਲਾਕਾਰ ਦੇ ਦਸਤਖ਼ਤ ਵੀ ਹਟਾ ਦਿੱਤੇ।’’ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ਵਿੱਚ ਹਿਰਦੇਪਾਲ ਸਿੰਘ ਨੇ ਦੋਸ਼ ਲਗਾਇਆ ਹੈ ਕਿ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਪੇਂਟਿੰਗ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਬਿਨਾਂ ਅਧਿਕਾਰਤ ਵਰਤੋਂ ਦੇ ਵਰਤਿਆ।ਉਨ੍ਹਾਂ ਕਿਹਾ ਕਿ ਇਹ ਕਲਾਕ੍ਰਿਤੀ ਭਾਰਤ ਸਰਕਾਰ ਕੋਲ ਕਾਪੀਰਾਈਟ ਐਕਟ ਅਧੀਨ ਰਜਿਸਟਰਡ ਹੈ ਅਤੇ ਸਾਰੇ ਪ੍ਰਕਾਸ਼ਨ ਅਧਿਕਾਰ ਕਲਾਕਾਰ ਦੇ ਪਰਿਵਾਰ ਕੋਲ ਰਾਖਵੇਂ ਹਨ।ਹਿਰਦੇਪਾਲ ਸਿੰਘ ਨੇ ਲਿਖਿਆ, ‘‘ਕਲਾਕਾਰ ਦਾ ਨਾਮ ਹਟਾਉਣ ਦੇ ਨਾਲ-ਨਾਲ ਬਿਨਾਂ ਇਜਾਜ਼ਤ ਇਸ ਦੀ ਵਰਤੋਂ ਕਾਪੀਰਾਈਟ ਉਲੰਘਣਾ ਦਾ ਇੱਕ ਸਪੱਸ਼ਟ ਮਾਮਲਾ ਹੈ।’’ਇਸ ਕਾਰਵਾਈ ਨੂੰ ‘ਬਹੁਤ ਅਫਸੋਸਜਨਕ’ ਦੱਸਦਿਆਂ ਉਨ੍ਹਾਂ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ।ਹਿਰਦੇਪਾਲ ਸਿੰਘ ਨੇ ਪੱਤਰ ਵਿੱਚ ਕਿਹਾ, ‘‘ਇਹ ਬਹੁਤ ਅਫਸੋਸਜਨਕ ਹੈ ਕਿ ਸ਼ੋਭਾ ਸਿੰਘ ਜੀ ਦੀ ਵਿਰਾਸਤ ਪ੍ਰਤੀ ਅਜਿਹੀ ਅਣਦੇਖੀ ਕੀਤੀ ਗਈ ਹੈ, ਜਿਨ੍ਹਾਂ ਨੂੰ 1973 ਵਿੱਚ ਪੰਜਾਬ ਸਰਕਾਰ ਦੁਆਰਾ ਰਾਜ ਕਲਾਕਾਰ ਵਜੋਂ ਸਨਮਾਨਿਤ ਕੀਤਾ ਗਿਆ ਸੀ।’’ਉਨ੍ਹਾਂ ਕਿਹਾ ਕਿ ਪਰਿਵਾਰ ਦੇ ਪੰਜਾਬ ਸਰਕਾਰ ਨਾਲ ਲੰਬੇ ਸਮੇਂ ਤੋਂ ਸੁਹਿਰਦ ਸਬੰਧ ਹਨ ਅਤੇ ਜੇਕਰ ਰਸਮੀ ਤੌਰ ’ਤੇ ਸੰਪਰਕ ਕੀਤਾ ਜਾਂਦਾ ਤਾਂ ਉਹ ‘ਖੁਸ਼ੀ-ਖੁਸ਼ੀ ਪੇਂਟਿੰਗ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੇ।’ਉਨ੍ਹਾਂ ਪੱਤਰ ਦੇ ਅਖ਼ੀਰ ’ਚ ਲਿਖਿਆ, ‘‘ਸਾਨੂੰ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਅਜਿਹੀ ਭੁੱਲ ਦੁਹਰਾਈ ਨਹੀਂ ਜਾਵੇਗੀ।’’