ਪੱਛਮੀ ਬੰਗਾਲ ’ਚ ਐੱਸ ਆਈ ਆਰ ਕਾਰਨ 40 ਮੌਤਾਂ ਦਾ ਦਾਅਵਾ
ਤਿ੍ਰਣਮੂਲ ਕਾਂਗਰਸ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ
ਪੱਛਮੀ ਬੰਗਾਲ ’ਚ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ (ਐੱਸ ਆਈ ਆਰ) ਦੌਰਾਨ ਅੱਜ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਦੇ ਵਫ਼ਦ ਨੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਦੀ ਅਗਵਾਈ ਹੇਠ ਅੱਜ ਇੱਥੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਦੂਜੇ ਪਾਸੇ, ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਮੀਟਿੰਗ ਦੌਰਾਨ ਵਫ਼ਦ ਦੇ ਸਾਰੇ ਸਵਾਲਾਂ, ਫਿਕਰਾਂ ਤੇ ਲਾਏ ਗਏ ਬੇਬੁਨਿਆਦ ਦੋਸ਼ਾਂ ਦੇ ਤਸੱਲੀਬਖਸ਼ ਦੇ ਜਵਾਬ ਦਿੱਤੇ ਗਏ ਹਨ ਅਤੇ ਟੀ ਐੱਮ ਆਗੂਆਂ ਨੂੰ ਕਿਹਾ ਗਿਆ ਹੈ ਕਿ ਬੂਥ ਲੈਵਲ ਅਧਿਕਾਰੀਆਂ ਦੇ ਕੰਮ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ।
ਵਫ਼ਦ ਨੇ ਦੋਸ਼ ਲਾਇਆ ਕਿ ਪੱਛਮੀ ਬੰਗਾਲ ’ਚ ਐੱਸ ਆਈ ਆਰ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚੋਣ ਕਮਿਸ਼ਨ ਦੇ ਮੁਖੀ ਦੇ ‘ਹੱਥ ਖੂਨ ਨਾਲ ਰੰਗੇ’ ਹੋਏ ਹਨ। ਮੀਟਿੰਗ ਮਗਰੋਂ ਡੈਰੇਕ ਓ’ਬਰਾਇਨ ਨੇ ਕਿਹਾ ਕਿ ਪਾਰਟੀ ਦੇ ਵਫ਼ਦ ਨੇ ਪੰਜ ਸਵਾਲ ਉਠਾਏ ਹਨ ਪਰ ਮੁੱਖ ਚੋਣ ਕਮਿਸ਼ਨਰ ਨੇ ਕੋਈ ਜਵਾਬ ਨਹੀਂ ਦਿੱਤਾ। ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਨੂੰ 40 ਅਜਿਹੇ ਲੋਕਾਂ ਦੀ ਸੂਚੀ ਸੌਂਪੀ ਹੈ, ਜਿਨ੍ਹਾਂ ਦੀ ਮੌਤ ਕਥਿਤ ਤੌਰ ’ਤੇ ਐੱਸ ਆਈ ਆਰ ਪ੍ਰਕਿਰਿਆ ਨਾਲ ਜੁੜੀ ਸੀ।
ਗੁਜਰਾਤ: ਬੀ ਐੱਲ ਓ ਦੀ ਦਿਲ ਦੌਰੇ ਕਾਰਨ ਮੌਤ
ਮਹੇਸ਼ਾ: ਗੁਜਰਾਤ ਦੇ ਮਹੇਸ਼ਾ ਜ਼ਿਲ੍ਹੇ ’ਚ ਐੱਸ ਆਈ ਆਰ ਪ੍ਰਕਿਰਿਆ ਦੌਰਾਨ ਬੀ ਐੱਲ ਓ ਦਿਨੇਸ਼ ਰਾਵਲ (50) ਵਾਸੀ ਪਿੰਡ ਸੁਦਾਸਨਾ ਦੀ ਅੱਜ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਵਿਰੋਧੀ ਧਿਰ ਕਾਂਗਰਸ ਤੇ ਅਧਿਆਪਕਾਂ ਦੀ ਜਥੇਬੰਦੀ ਨੇ ਕਿਹਾ ਕਿ ਦਿਨੇਸ਼ ਦੀ ਮੌਤ ਕੰਮ ਦੇ ਬੋਝ ਅਤੇ ਸਹੂਲਤਾਂ ਦੀ ਘਾਟ ਕਾਰਨ ਹੋਈ ਹੈ। ਹਾਲਾਂਕਿ ਪੁਲੀਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

