ਪਾਕਿਸਤਾਨ ਦੇ ਉੱਤਰ-ਪੱਛਮੀ ਖੈ਼ਬਰ ਪਖ਼ਤੂਨਖ਼ਵਾ ਸੂਬੇ ਵਿੱਚ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਚਲਾਏ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ 22 ਅਤਿਵਾਦੀ ਮਾਰ ਮੁਕਾਏ ਹਨ। ਫੌਜ ਦੇ ਮੀਡੀਆ ਵਿੰਗ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ।
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਬਾਨੂ ਜ਼ਿਲ੍ਹੇ ਵਿੱਚ ਅਪਰੇਸ਼ਨ ਚਲਾਇਆ, ਜਿੱਥੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ।
ਉਧਰ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ’ਤੇ ਤਿੰਨ ਪੂਰਬੀ ਸੂਬਿਆਂ ਵਿੱਚ ਦੇਰ ਰਾਤ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ, ਜਿਸ ਵਿੱਚ ਨੌਂ ਬੱਚਿਆਂ ਸਮੇਤ ਦਸ ਨਾਗਰਿਕ ਮਾਰੇ ਗਏ। ਇਹ ਹਮਲੇ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਵਧਦੇ ਤਣਾਅ ਦਾ ਸੰਕੇਤ ਹੈ। ਅਫ਼ਗਾਨ ਸਰਕਾਰ ਦੇ ਮੁੱਖ ਬੁਲਾਰੇ
ਜ਼ਬੀਹੁੱਲਾ ਮੁਜਾਹਿਦ ਨੇ ‘ਐਕਸ’ ਉੱਤੇ ਕਿਹਾ ਕਿ ਪਾਕਿਸਤਾਨ ਨੇ ਖੋਸਤ ਸੂਬੇ ਵਿੱਚ ਘਰ ’ਤੇ ‘ਬੰਬਾਰੀ’ ਕੀਤੀ, ਜਿਸ ਵਿੱਚ ਨੌਂ ਬੱਚੇ ਅਤੇ ਔਰਤ ਦੀ ਮੌਤ ਹੋ ਗਈ। ਕੁਨਾਰ ਅਤੇ ਪਕਤਿਕਾ ਸੂਬਿਆਂ ਵਿੱਚ ਵੀ ਹਮਲੇ ਹੋਏ, ਜਿਸ ਵਿੱਚ ਚਾਰ ਜ਼ਖ਼ਮੀ ਹੋ ਗਏ। ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪਿਸ਼ਾਵਰ ਵਿੱਚ ਇੱਕ ਦਿਨ ਪਹਿਲਾਂ ਹੋਏ ਘਾਤਕ ਹਮਲੇ ਮਗਰੋਂ ਤਾਜ਼ਾ ਘਟਨਾਕ੍ਰਮ ਸਾਹਮਣੇ ਆਇਆ ਹੈ।
ਪਿਸ਼ਾਵਰ ਵਿੱਚ ਦੋ ਫਿਦਾਈਨਾਂ ਅਤੇ ਬੰਦੂਕਧਾਰੀ ਨੇ ਪੁਲੀਸ ਬਲ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ ਸੀ। ਸੋਮਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਤਿੰਨ ਅਧਿਕਾਰੀ ਮਾਰੇ ਗਏ ਅਤੇ 11 ਹੋਰ ਜ਼ਖ਼ਮੀ ਹੋ ਗਏ ਸਨ। ਪਿਸ਼ਾਵਰ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਵੀ ਸਮੂਹ ਨੇ ਨਹੀਂ ਲਈ ਹੈ ਪਰ ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ’ਤੇ ਸ਼ੱਕ ਹੈ।

