ਦੇਸ਼ ਦੀ ਸੁਰੱਖਿਆ ਲਈ 10 ਉਪਗ੍ਰਹਿ ਤਾਇਨਾਤ: ਨਾਰਾਇਣਨ
ਇੰਫਾਲ, 12 ਮਈ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ. ਵੀ. ਨਾਰਾਇਣਨ ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 10 ਉਪਗ੍ਰਹਿ 24 ਘੰਟੇ ਲਗਾਤਾਰ ਨਿਗਰਾਨੀ ਕਰ ਰਹੇ ਹਨ। ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਸੰਬੋਧਨ ਕਰਦਿਆਂ ਨਾਰਾਇਣਨ ਨੇ ਕਿਹਾ ਕਿ ਭਾਰਤ ‘ਵੱਡੀ ਪੁਲਾੜ ਸ਼ਕਤੀ’ ਬਣ ਰਿਹਾ ਹੈ ਅਤੇ ਦੇਸ਼ ਦਾ ਪਹਿਲਾ ਪੁਲਾੜ ਸਟੇਸ਼ਨ 2040 ਤੱਕ ਸਥਾਪਿਤ ਹੋ ਜਾਵੇਗਾ।
ਇਸਰੋ ਮੁਖੀ ਨੇ ਕਿਹਾ, ‘ਅੱਜ ਭਾਰਤ ਤੋਂ 34 ਦੇਸ਼ਾਂ ਦੇ 433 ਉਪਗ੍ਰਹਿ ਪੁਲਾੜ ਵਿੱਚ ਲਾਂਚ ਕੀਤੇ ਗਏ ਹਨ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ 10 ਉਪਗ੍ਰਹਿ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਰਣਨੀਤਕ ਉਦੇਸ਼ ਲਈ 24 ਘੰਟੇ ਕੰਮ ਕਰ ਰਹੇ ਹਨ।’ ਉਨ੍ਹਾਂ ਦੀਆਂ ਟਿੱਪਣੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਪਿਛੋਕੜ ਵਿੱਚ ਆਈਆਂ ਹਨ। ਡਾ. ਨਾਰਾਇਣਨ ਨੇ ਕਿਹਾ, ‘ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਨੂੰ ਸੈਟੇਲਾਈਟਾਂ ਦੀ ਵਰਤੋਂ ਕਰਨੀ ਪਵੇਗੀ। ਸਾਨੂੰ ਆਪਣੇ 7,000 ਕਿਲੋਮੀਟਰ ਲੰਬੀ ਤੱਟ ਰੇਖਾ ਦੀ ਨਿਗਰਾਨੀ ਕਰਨੀ ਪਵੇਗੀ। ਸਾਨੂੰ ਪੂਰੇ ਉੱਤਰੀ ਭਾਰਤ ਨੂੰ ਨਿਰੰਤਰ ਨਿਗਰਾਨੀ ਹੇਠ ਰੱਖਣਾ ਪਵੇਗਾ। ਇਹ ਕੰਮ ਸੈਟੇਲਾਈਟ ਅਤੇ ਡਰੋਨ ਤਕਨੀਕ ਤੋਂ ਬਿਨਾਂ ਸੰਭਵ ਨਹੀਂ ਹੈ।’
ਇਸਰੋ ਮੁਖੀ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਤਰੱਕੀ ਨੂੰ ‘ਸ਼ਾਨਦਾਰ’ ਦੱਸਿਆ। ਉਨ੍ਹਾਂ ਕਿਹਾ, ‘ਜਦੋਂ ਦੇਸ਼ ਨੂੰ 1947 ਵਿੱਚ ਆਜ਼ਾਦੀ ਮਿਲੀ ਸੀ ਤਾਂ 97.5 ਫੀਸਦ ਆਬਾਦੀ ਗਰੀਬੀ ਰੇਖਾ ਤੋਂ ਹੇਠਾਂ ਸੀ ਅਤੇ ਭਾਰਤੀਆਂ ਦੀ ਔਸਤ ਜੀਵਨ ਸੰਭਾਵਨਾ ਸਿਰਫ 32 ਸਾਲ ਸੀ। ਅੱਜ ਇਹ ਔਸਤ 72 ਸਾਲ ਹੋ ਗਈ ਹੈ। ਹਰ ਖੇਤਰ ਵਿੱਚ ਵਿਕਾਸ ਹੋਇਆ ਹੈ।’ ਉਨ੍ਹਾਂ ਕਿਹਾ ਕਿ ਉਸ ਸਮੇਂ ਸਿਰਫ਼ 2,825 ਪ੍ਰਾਇਮਰੀ ਸਕੂਲ ਸਨ ਅਤੇ ਹੁਣ ਇਹ ਗਿਣਤੀ ਵਧ ਕੇ 8.4 ਲੱਖ ਹੋ ਗਈ ਹੈ। -ਪੀਟੀਆਈ