ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ: ਨਾਟਕਾਂ ਤੇ ਰਵਾਇਤੀ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਕੀਲੇ ਦਰਸ਼ਕ
ਨੌਜਵਾਨਾਂ ਨੂੰ ਅਮੀਰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਕਰਵਾਏ ਜਾਂਦੇ ਨੇ ਇਹ ਮੇਲੇ: ਅਸ਼ਵਨੀ ਭੱਲਾ
ਇਥੋਂ ਦੇ ਐੱਸਸੀਡੀ ਸਰਕਾਰੀ ਕਾਲਜ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਦੂਜੇ ਦਿਨ ਨਾਟਕਾਂ ਅਤੇ ਰਵਾਇਤੀ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਪੀਏਯੂ ਦੇ ਡੀਨ ਸਟੂਡੈਂਟਸ ਵੈਲਫੇਅਰ ਡਾ. ਨਿਰਮਲ ਜੌੜਾ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਦਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਸ਼ਰਨ ਸਿੰਘ ਸੰਧੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਡਾ. ਭੱਲਾ ਨੇ ਇਸ ਮੇਲੇ ਨੂੰ ਇੱਕ ਅਜਿਹਾ ਮੌਕਾ ਦੱਸਿਆ ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਸਭਿਆਚਾਰ ਅਤੇ ਵਿਰਾਸਤ ਦੇ ਨੇੜੇ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਕਰਵਾਏ ਜਾਂਦੇ ਅਜਿਹੇ ਮੇਲੇ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਬਹੁਤ ਜ਼ਰੂਰੀ ਹਨ। ਡਾ. ਜੌੜਾ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਕਲਾਵਾਂ ਅਤੇ ਕਲਾਕਾਰਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਵਿੱਚ ਹਿੱਸਾ ਲੈਣਾ, ਨਤੀਜਿਆਂ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਯੁਵਕ ਮੇਲੇ ਦੌਰਾਨ ਹੋ ਰਹੇ ਵੱਖ ਵੱਖ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਵਿੱਚ ਪੂਰਾ ਉਤਸ਼ਾਹ ਹੈ। ਇਸ ਮੌਕੇ ਜਿੱਥੇ ਉਕਤ ਦੋਵਾਂ ਮਹਿਮਾਨਾਂ ਨੂੂੰ ਸਨਮਾਨਿਤ ਕੀਤਾ ਗਿਆ ਉੱਥੇ ਈਸਟਮੈਨ ਗਰੁੱਪ ਦੇ ਸੀਈਓ ਗੌਰਵ ਸਿੰਗਲ ਵੱਲੋਂ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਸਿੰਗਲ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਨਵੇਂ ਸਜਾਏ ਗਏ ਗੁਰੂ ਗੋਬਿੰਦ ਸਿੰਘ ਹਾਲ ਦਾ ਉਦਘਾਟਨ ਕੀਤਾ। ਮੇਲੇ ਦੇ ਅੱਜ ਦੂਜੇ ਦਿਨ ਵੱਖ ਵੱਖ ਪੰਜ ਥਾਵਾਂ ’ਤੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚੋਂ ਨਾਟਕ ਅਤੇ ਰਵਾਇਤੀ ਗੀਤਾਂ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ। ਇਨ੍ਹਾਂ ਤੋਂ ਇਲਾਵਾ ਹਿਸਟ੍ਰੀਓਨਿਕਸ, ਭਾਰਤੀ ਆਰਕੈਸਟਰਾ, ਵਾਦ-ਵਿਵਾਦ, ਭਾਸ਼ਣ, ਰੰਗੋਲੀ, ਪੋਸਟਰ ਬਨਾਉਣਾ, ਕੋਲਾਜ ਬਨਾਉਣਾ, ਫੋਟੋਗ੍ਰਾਫੀ, ਸਟਿਲ ਲਾਈਫ ਡਰਾਇੰਗ, ਮੌਕੇ ’ਤੇ ਪੇਂਟਿੰਗ ਅਤੇ ਇੰਸਟਾਲੇਸ਼ਨ ਆਰਟ ਆਦਿ ਮੁਕਾਬਲੇ ਕਰਵਾਏ ਗਏ। ਮੇਲੇ ਦੇ ਤੀਜੇ ਦਿਨ ਭੰਗੜਾ, ਮਾਇਮ, ਕਵੀਸ਼ਰੀ, ਵਾਰ, ਕਲੀ, ਕੁਇਜ਼, ਫੁਲਕਾਰੀ, ਬਾਗ, ਦਸੂਤੀ, ਗਿੱਧਾ, ਸਕਿੱਟ, ਮਮਿਕਰੀ, ਗ਼ਜ਼ਲ, ਗੀਤ, ਗਰੁੱਪ ਸੌਂਗ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਮੌਕੇ ’ਤੇ ਪੇਂਟਿੰਗ, ਰਵਾਇਤੀ ਗੀਤਾਂ, ਕਲਾਜ ਮੇਕਿੰਗ ਅਤੇ ਇੰਡੀਅਨ ਆਰਕੈਸਟਰਾ ’ਚ ਖਾਲਸਾ ਕਾਲਜ ਫਾਰ ਵਿਮੈਨ, ਫੋਟੋਗ੍ਰਾਫੀ ਵਿੱਚ ਐਸਸੀਡੀ ਸਰਕਾਰੀ ਕਾਲਜ, ਕਲੇਅ ਮਾਡਲਿੰਗ ਵਿੱਚ ਏਐਸ ਕਾਲਜ ਖੰਨਾ, ਰੰਗੋਲੀ ਵਿੱਚ ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ।