ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ: ਲੋਕ ਗੀਤ ’ਚ ਚੰਡੀਗੜ੍ਹ ਦਾ ਸਰਕਾਰੀ ਬੀਐੱਡ ਕਾਲ ਜੇਤੂ
ਵਿਦਿਆਰਥੀਆਂ ਨੇ ਸਕਿੱਟ, ਮਿਮਿਕਰੀ, ਮਾਈਮ, ਵਨ ਐਕਟ ਪਲੇ, ਹਿਸਟਰੀਓਨਿਕਸ, ਭੰਡ, ਡਿਬੇਟ ਵਿੱਚ ਦਿਖਾਇਆ ਹੁਨਰ
ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੈੱਨ ਵਿੱਚ ਐਜੂਕੇਸ਼ਨ ਕਾਲਜਾਂ ਦੇ ਚੱਲ ਰਹੇ 66ਵੇਂ ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਸਕਿੱਟ, ਮਿਮਿਕਰੀ, ਮਾਈਮ, ਵਨ ਐਕਟ ਪਲੇ, ਹਿਸਟਰੀਓਨਿਕਸ, ਭੰਡ, ਡਿਬੇਟ, ਇਲੋਕਿਊਸ਼ਨ, ਕਵਿਤਾ ਪਾਠ, ਮੁਹਾਵਰੇਦਾਰ ਵਾਰਤਾਲਾਪ ਅਤੇ ਕੁਇਜ਼ ਕਰਵਾਏ ਗਏ। ਇਸ ਮੌਕੇ ਅਦਾਕਾਰਾ ਪਦਮਸ੍ਰੀ ਨਿਰਮਲ ਰਿਸ਼ੀ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਏਸੀਪੀ ਡਿਟੈਕਟਿਵ ਲੁਧਿਆਣਾ ਹਰਸ਼ਪ੍ਰੀਤ ਸਿੰਘ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਡਾਇਰੈਕਟਰ ਆਨਲਾਈਨ ਐਜੂਕੇਸ਼ਨ ਅਮਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਚਾਰ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਵਿੱਚ 25 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਹ ਮੇਲਾ 17 ਅਕਤੂਬਰ ਤੱਕ ਜਾਰੀ ਰਹੇਗਾ। ਯੁਵਕ ਮੇਲੇ ਦੇ ਪਹਿਲੇ ਦਿਨ ਅਤੇ ਅੱਜ ਹੋਏ ਮੁਕਾਬਲਿਆਂ ਵਿੱਚੋਂ ਮਿਲੇ ਨਤੀਜਿਆਂ ’ਚ ਭਜਨ ਵਿੱਚ ਬੀਸੀਐਮ ਕਾਲਜ ਆਫ ਐਜੂਕੇਸ਼ਨ, ਸੈਕਟਰ-32 ਏ, ਗਰੁੱਪ ਸ਼ਬਦ ਵਿੱਚ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ, ਕਲਾਸੀਕਲ ਵੋਕਲ ’ਚ ਜੀਐੱਚਜੀ ਖਾਲਸਾ ਕਾਲਜ ਆਫ ਐਜੂਕੇਸ਼ਨ, ਗਰੁੱਪ ਸੌਂਗ ਵਿੱਚ ਮਾਲਵਾ ਸੈਂਟਰਲ ਕਾਲਜ, ਰੰਗੋਲੀ ਵਿੱਚ ਜੀਟੀਬੀ ਖਾਲਸਾ ਕਾਲਜ ਆਫ ਐਜੂਕੇਸ਼ਨ, ਕੋਲਾਜ਼ ਮੇਕਿੰਗ ’ਚ ਮਾਲਵਾ ਸੈਂਟਰਲ ਕਾਲਜ, ਮੌਕੇ ’ਤੇ ਪੇਂਟਿੰਗ ’ਚ ਮਾਲਵਾ ਸੈਂਟਰਲ ਕਾਲਜ, ਫੋਟੋਗ੍ਰਾਫੀ ਵਿੱਚ ਮਾਲਵਾ ਸੈਂਟਰਲ ਕਾਲਜ, ਕਾਰਟੂਨਿੰਗ ਵਿੱਚ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਸੈਕਟਰ-36 ਬੀ, ਚੰਡੀਗੜ੍ਹ, ਪੋਸਟਰ ਮੇਕਿੰਗ ’ਚ ਮਾਲਵਾ ਸੈਂਟਰਲ ਕਾਲਜ, ਫੌਕ ਸੌਂਗ ਅਤੇ ਗਜ਼ਲ ਵਿੱਚ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਸੈਕਟਰ-20 ਚੰਡੀਗੜ੍ਹ, ਗੀਤ ਵਿੱਚ ਮਾਲਵਾ ਸੈਂਟਰਲ ਕਾਲਜ, ਲੋਕ ਸਾਜਾਂ ’ਚ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਸੈਕਟਰ-20 ਚੰਡੀਗੜ੍ਹ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।