ਪਰਮਦੀਪ ਸਿੰਘ ਦੀਪ ਵੈੱਲਫੇਅਰ ਸੁਸਾਇਟੀ ਵੱਲੋਂ 19ਵੀਂ ਯੁਵਕ ਵਰਕਸ਼ਾਪ, 100 ਦੇ ਕਰੀਬ ਚੋਣਵੇਂ ਕਵੀਆਂ ਦਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 10, 11 ਅਤੇ 12 ਅਕਤੂਬਰ ਨੂੰ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਵਿੱਚ ਪਦਮਸ਼੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਵਾਲੇ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਗੁਰੂ ਗੋਬਿੰਦ ਸਿੰਘ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਕਿਹਾ ਕਿ ਇਸ ਕਵੀ ਦਰਬਾਰ ਵਿੱਚ ਦੇਸ਼ ਭਰ ਦੇ ਬੁੱਧੀਜੀਵੀਆਂ ਅਤੇ ਪ੍ਰਸਿੱਧ ਲੇਖਕਾਂ ਵੱਲੋਂ ਯੁਵਕ ਕਵੀਆਂ ਨੂੰ ਕਵਿਤਾ ਲਿਖਣ ਵਿੱਚ ਹੋਰ ਪਰਪੱਕ ਕਰਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ ਅਤੇ ਪਹੁੰਚੇ ਪਤਵੰਤੇ ਸੱਜਣਾਂ ਅਤੇ ਕਵੀਆਂ ਨੂੰ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ। 11 ਅਕਤੂਬਰ ਰਾਤ 8 ਵਜੇ ਤੋਂ 12 ਅਕਤੂਬਰ ਸਵੇਰ 5 ਵਜੇ ਤੱਕ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਮਹਾਨ ਕਵੀ ਦਰਬਾਰ ਵੀ ਹੋਵੇਗਾ ਜਿਸ ਵਿੱਚ 100 ਦੇ ਕਰੀਬ ਉਭਰਦੇ ਅਤੇ ਸਥਾਪਤ ਕਵੀ ਸਾਹਿਬਾਨ ਭਾਗ ਲੈਣਗੇ। 12 ਅਕਤੂਬਰ ਨੂੰ ਸਾਰੇ ਪਹੁੰਚੇ ਵਿਦਵਾਨਾਂ, ਲੇਖਕਾਂ, ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਮਨਦੀਪ ਸਿੰਘ ਦੀਪ ਜਨਰਲ ਸਕੱਤਰ, ਮਨਦੀਪ ਕੌਰ ਪ੍ਰੀਤ ਸਕੱਤਰ ਅਤੇ ਐਡਵੋਕੇਟ ਬਵਨੀਤ ਕੋਰ ਕਨਵੀਨਰ 19ਵਾਂ ਸਾਲਾਨਾ ਸਮਾਗਮ ਵੀ ਮੌਜੂਦ ਸਨ।