ਲੋਕ ਨਾਚ ਮੁਕਾਬਲਿਆਂ ਨਾਲ ਯੁਵਕ ਮੇਲਾ ਸਮਾਪਤ
ਕਲਾਸੀਕਲ ਮਿਊਜ਼ਿਕ ਵੋਕਲ ’ਚ ਰਾਮਗੜ੍ਹੀਆ ਗਰਲਜ਼ ਕਾਲਜ ਤੇ ਗਜ਼ਲ ਵਿੱਚ ਮਾਤਾ ਗੰਗਾ ਕਾਲਜ ਅੱਵਲ
ਸਥਾਨਕ ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿੱਚ 11 ਅਕਤੂਬਰ ਤੋਂ ਸ਼ੁਰੂ ਹੋਇਆ ਚਾਰ ਰੋਜ਼ਾ ਪੰਜਾਬ ਯੂਨੀਵਰਸਿਟੀ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਅੱਜ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਦੇਰ ਸ਼ਾਮ ਸਮਾਪਤ ਹੋ ਗਿਆ। ਇਸ ਵਿੱਚ 27 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਆਪਣੀ ਕਲਾ ਦੇ ਜੌਹਰ ਦਿਖਾਏ। ਅੱਜ ਮੇਲੇ ਦੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ਵਿੱਚ ‘ਆਪ’ ਦੇ ਕੌਮੀ ਬੁਲਾਰੇ ਰਿਤੁਰਾਜ ਗੋਵਿੰਦ ਝਾਅ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਾ ਭਲਾਈ ਵਿਭਾਗ ਡਾ. ਸੁਖਜਿੰਦਰ ਸਿੰਘ ਰਿਸ਼ੀ ਅਤੇ ਸਹਾਇਕ ਨਿਰਦੇਸ਼ਕ ਯੁਵਾ ਭਲਾਈ ਵਿਭਾਗ ਡਾ. ਤੇਜਿੰਦਰ ਗਿੱਲ, ਚੰਦਨ ਕੁਮਾਰ ਸਿੰਘ, ਅਜੈ ਸਿੰਘ ਰਾਜਪੂਤ, ਦੀਪਕ ਝਾਅ, ਗੁੱਡੂ ਮਿਸ਼ਰਾ, ਪਰਮਿੰਦਰ ਸਿੰਘ, ਕਰਨ ਸ਼ਰਮਾ ਵੀ ਸ਼ਾਮਲ ਸਨ। ਕਾਲਜ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਪਤਵੰਤਿਆਂ ਦਾ ਸਵਾਗਤ ਕੀਤਾ।
ਸ੍ਰੀ ਝਾਅ ਨੇ ਕਿਹਾ ਕਿ ਕਾਲਜ ਨੇ ਦੇਸ਼ ਨੂੰ ਵੱਡੇ ਸਾਇੰਸਦਾਨ, ਪ੍ਰਸ਼ਾਸਕ, ਸਾਹਿਤਕਾਰ ਹੀ ਨਹੀਂ ਦਿੱਤੇ ਸਗੋਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰਕ ਪ੍ਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਹੈ। ਯੁਵਕ ਮੇਲੇ ਦੇ ਆਖ਼ਰੀ ਦਿਨ ਲੋਕ ਨਾਚ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਗਿੱਧੇ ਦੀ ਪੇਸ਼ਕਾਰੀ ਅੱਜ ਦੇ ਦਿਨ ਖਿੱਚ ਦਾ ਕੇਂਦਰ ਰਹੀ। ਇਸ ਤੋਂ ਇਲਾਵਾ ਸਕਿੱਟ, ਮਿਮਿਕਰੀ, ਕਲਾਸੀਕਲ ਵੋਕਲ, ਗ਼ਜ਼ਲ ਅਤੇ ਸਮੂਹ ਗੀਤ ਦੇ ਪ੍ਰੋਗਰਾਮ ਨੇ ਵੀ ਵਿਦਿਆਰਥੀਆਂ ਵਿੱਚ ਕਲਾਤਮਕ ਹੁਨਰ ਨੂੰ ਪ੍ਰਦਰਸ਼ਿਤ ਕੀਤਾ।
ਅੱਜ ਦੇ ਨਤੀਜਿਆਂ ਅਨੁਸਾਰ ਕਲਾਸੀਕਲ ਮਿਊਜ਼ਿਕ ਵੋਕਲ ਵਿੱਚ ਰਾਮਗੜ੍ਹੀਆ ਗਰਲਜ਼ ਕਾਲਜ ਨੇ ਪਹਿਲਾ, ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਨੇ ਦੂਜਾ ਅਤੇ ਗੁਰੂ ਨਾਨਕ ਗਰਲਜ਼ ਕਾਲਜ ਅਤੇ ਗੋਬਿੰਦਗੜ੍ਹ ਪਬਲਿਕ ਕਾਲਜ ਖੰਨਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗਜ਼ਲ ਮੁਕਾਬਲੇ ਵਿੱਚ ਮਾਤਾ ਗੰਗਾ ਕਾਲਜ ਨੇ ਪਹਿਲਾ, ਸ੍ਰੀ ਅਰਬਿੰਦੋ ਕਾਲਜ ਨੇ ਦੂਜਾ ਜਦੋਂਕਿ ਖ਼ਾਲਸਾ ਕਾਲਜ ਫਾਰ ਵਿਮੈਨ ਅਤੇ ਐੱਸ ਸੀ ਡੀ ਸਰਕਾਰੀ ਕਾਲਜ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।