ਇਥੇ ਕੋਠੇ ਸ਼ੇਰਗੰਗ ਨੇੜੇ ਬੀਤੀ ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਸਕਾਰਪੀਓ ਸਵਾਰ ਨੌਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਨੌਜਵਾਨ ਗੱਡੀ ਰੋਕ ਕੇ ਬਾਹਰ ਨਿਕਲਿਆ ਤਾਂ ਉਕਤ ਹਮਲਾਵਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮਗਰੋਂ ਉਸ ਦੀ ਕਾਰ ਨੂੰ ਅੱਗ ਵੀ ਲਾ ਦਿੱਤੀ।
ਉਕਤ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਪਿੰਡ ਅਖਾੜਾ ਹਾਲ ਵਾਸੀ ਕੋਠੇ ਸ਼ੇਰਜੰਗ ਵਜੋਂ ਹੋਈ ਹੈ, ਜੋ ਸ਼ੇਅਰ ਬਾਜ਼ਾਰ ਵਿੱਚ ਕੰਮ ਕਰਦਾ ਸੀ। ਇਸ ਹਮਲੇ ਵਿੱਚ ਜਸਪ੍ਰੀਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਲੁਧਿਆਣੇ ਲਈ ਰੈਫਰ ਕਰ ਦਿੱਤਾ ਗਿਆ ਪਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਹੀ ਜਸ੍ਰਪੀਤ ਦੀ ਮੌਤ ਹੋ ਗਈ।
ਵਾਰਦਾਤ ਦੀ ਖ਼ਬਰ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਜਾਂਚ ਆਰੰਭੀ। ਇਸ ਮੌਕੇ ਜਸਪ੍ਰੀਤ ਦੇ ਦੋਸਤ ਜਗਜੀਤ ਸਿੰਘ ਉਰਫ ਜੱਗੀ ਕੌਂਸਲਰ ਨੇ ਦੱਸਿਆ ਕਿ ਜਸਪ੍ਰੀਤ ਆਪਣੀ ਕਮਾਈ ਨਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਉਸ ਦੇ ਦੋ ਛੋਟੇ ਬੱਚੇ ਹਨ ਤੇ ਹਾਲ ਹੀ ਵਿੱਚ ਉਸ ਨੇ ਆਪਣੀ ਭੈਣ ਦਾ ਵਿਆਹ ਕਰਵਾਇਆ ਸੀ। ਪੁਲੀਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਸਪ੍ਰੀਤ ’ਤੇ ਹਮਲਾ ਕਰਨ ਵਾਲਿਆਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਡੀਐੱਸਪੀ ਜਸਯਜੋਤ ਸਿੰਘ ਨੇ ਕਿਹਾ ਕਿ ਪੁਲੀਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟ ਮਗਰੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।