ਮਾਲੇਰਕੋਟਲਾ ਜ਼ਿਲ੍ਹੇ ਦੇ 39 ਪਿੰਡਾਂ ’ਚ ਯੋਗ ਕਲਾਸਾਂ ਸ਼ੁਰੂ
ਅਹਿਮਦਗੜ੍ਹ: ਪੰਜਾਸ ਸਰਕਾਰ ਵੱਲੋਂ ਨੈਚੁਰੋਪੈਥੀ ਅਤੇ ਯੋਗ ਦੇ ਪ੍ਰਚਾਰ ਪਸਾਰ ਅਤੇ ਤੰਦਰੁਸਤ ਪੰਜਾਬ ਦੀ ਰਚਨਾ ਲਈ ਚਲਾਈ ਜਾ ਰਹੀ ਸੀਐੱਮ ਦੀ ਯੋਗਸ਼ਾਲਾ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਤੋਂ ਜ਼ਿਲ੍ਹੇ ਵਿੱਚ 72 ਕਲਾਸਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ, ਜਿਨ੍ਹਾਂ ਦਾ ਸੰਚਾਲਨ 27 ਯੋਗ ਟਰੇਨਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਯੋਜਨਾਂ ਨੂੰ ਹੋਰ ਅੱਗੇ ਵਧਾਉਂਦਿਆਂ ਮਾਲੇਰਕੋਟਲਾ ਜ਼ਿਲ੍ਹੇ ਦੇ 39 ਨਵੇਂ ਪਿੰਡਾਂ ਵਿੱਚ ਨਵੀਆਂ ਯੋਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਯੋਗ ਸੁਪਰਵਾਈਜ਼ਰ ਮਲਕੀਤ ਕੌਰ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਯੋਗਾ ਡਿਪਲੋਮਾਂ ਕੋਰਸ ਤਹਿਤ ਉਹ ਵਿਦਿਆਰਥੀ ਜਿਹਨਾਂ ਨੇ ਆਪਣਾ ਪਹਿਲਾ ਟਰਾਈਮੈਸਟਰ ਪੂਰਾ ਕਰ ਲਿਆ ਹੁਣ ਉਹ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਯੋਗ ਕਲਾਸਾਂ ਲੈਣਗੇ । ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਯੋਗ ਕਲਾਸਾਂ ਰਾਹੀਂ ਜ਼ਿਲ੍ਹੇ ਦੇ ਕਰੀਬ 1585 ਤੋ ਵੱਧ ਮੈਂਬਰ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਵੱਧ ਚੜ ਕੇ ਯੋਗ ਦੀਆਂ ਕਲਾਸਾਂ ਵਿੱਚ ਹਿੱਸਾ ਲੈ ਰਹੀਆਂ ਹਨ। -ਨਿੱਜੀ ਪੱਤਰ ਪ੍ਰੇਰਕ