DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਸ਼ਾ ਤਸਕਰ ਦੇ ਘਰ ’ਤੇ ਪੀਲਾ ਪੰਜਾ ਚੱਲਿਆ

ਨਸ਼ਾ ਤਸਕਰ ਵਿੱਕੀ ਖਿਲਾਫ਼ ਕਈ ਕੇਸ ਸਨ ਦਰਜ

  • fb
  • twitter
  • whatsapp
  • whatsapp
Advertisement
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸ ਐੱਸ ਪੀ ਡਾ. ਜੋਤੀ ਯਾਦਵ ਦੀ ਅਗਵਾਈ ਹੇਠਾਂ ਨਸ਼ਾ ਤਸਕਰ ਵਿੱਕੀ ਵਾਸੀ ਮੀਟ ਮਾਰਕੀਟ ਹਾਲ ਵਾਸੀ ਵਾਰਡ ਨੰਬਰ-18 ਕਰਤਾਰ ਨਗਰ ਖੰਨਾ ਦਾ ਘਰ ਢਾਹਿਆ ਗਿਆ। ਇਹ ਮਕਾਨ ਨਗਰ ਕੌਂਸਲ ਤੋਂ ਬਿਨਾਂ ਮਨਜ਼ੂਰੀ ਲਏ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਹੋਇਆ ਸੀ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਵਿੱਕੀ ਵੱਲੋਂ ਕੌਂਸਲ ਐਕਟ ਦੀ ਉਲੰਘਣਾ ਕਰਕੇ ਮਕਾਨ ਦੀ ਨਾਜਾਇਜ਼ ਉਸਾਰੀ ਕੀਤੀ ਗਈ ਸੀ ਅਤੇ ਇਸ ਵੱਲੋਂ ਮਕਾਨ ਦਾ ਕੋਈ ਨਕਸ਼ਾ ਨਗਰ ਕੌਂਸਲ ਤੋਂ ਪਾਸ ਨਹੀਂ ਕਰਵਾਇਆ ਗਿਆ ਸੀ। ਮਿਊਂਸਿਪਲ ਐਕਟ ਤਹਿਤ ਇਸ ਮਕਾਨ ਨੂੰ ਢਾਹੁਣ ਲਈ 4 ਨੋਟਿਸ ਵੀ ਭੇਜੇ ਗਏ ਸਨ। ਐੱਸ ਐੱਸ ਪੀ ਡਾ. ਯਾਦਵ ਨੇ ਕਿਹਾ ਕਿ ਨਸ਼ਾ ਤਸਕਰ ਵਿੱਕੀ ਖਿਲਾਫ਼ ਨਸ਼ਾ ਤਸਕਰੀ ਦੇ ਵੱਖ-ਵੱਖ ਕੇਸ ਦਰਜ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਇਸ ਕਾਰਨ ਨਗਰ ਕੌਂਸਲ ਦੇ ਸਹਿਯੋਗ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਭਵਿੱਖ ਵਿੱਚ ਵੀ ਖੰਨਾ ਪੁਲੀਸ ਨਸ਼ਾ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਐੱਸ ਐੱਸ ਪੀ ਨੇ ਕਿਹਾ ਕਿ ਜਿੱਥੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨਸ਼ਾ ਪੀੜਤਾਂ ਨੂੰ ਸਿਹਤਯਾਬ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਹੁਣ ਤੱਕ ਜ਼ਿਲ੍ਹੇ ਵਿੱਚ ਲਗਪੱਗ 15 ਥਾਵਾਂ ਤੇ ਅਜਿਹੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਜਾ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਸੇਫ ਪੰਜਾਬ ਜਾਂ ਹੈਲਪਲਾਈਨ ਨੰਬਰ 112 ’ਤੇ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਦੇਣ ਤਾਂ ਜੋ ਕੋਈ ਵੀ ਮਾੜਾ ਅਨਸਰ ਕਾਨੂੰਨੀ ਸ਼ਿਕੰਜੇ ਤੋਂ ਬਚ ਨਾ ਸਕੇ। ਡਾ. ਯਾਦਵ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ, ਐੱਸਪੀ ਤਰੁਣ ਰਤਨ, ਡੀ ਐੱਸ ਪੀ ਵਿਨੋਦ ਕੁਮਾਰ, ਡੀ ਐੱਸ ਪੀ ਕਰਮਵੀਰ ਤੂਰ, ਐੱਸ ਐੱਚ ਓ ਹਰਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement

Advertisement
×