ਪੱਤਰ ਪ੍ਰੇਰਕ
ਪਾਇਲ, 30 ਜੂਨ
ਲਿਖਾਰੀ ਸਭਾ ਰੌਣੀ ਦੀ ਛੇਵੀਂ ਮੀਟਿੰਗ ਸਮਾਜ ਸੇਵੀ ਸੇਵਾਮੁਕਤ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਾਹਿਤਕਾਰ ਸਭਾ ਵਿੱਚ ਸਾਹਿਤਕਾਰਾਂ, ਗੀਤਕਾਰਾਂ ਤੇ ਕਲਾਕਾਰਾਂ ਨੇ ਆਪਣੇ ਕਲਾਮ ਤੇ ਗੀਤ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਸਭਾ ਦੇ ਮੁੱਖ ਮਹਿਮਾਨ ਸਾਹਿਤਕਾਰ ਡਾ. ਰੁਬੀਨਾ ਸ਼ਬਨਮ, ਪ੍ਰਿੰਸੀਪਲ ਨਵਾਬ ਸ਼ੇਰ ਖਾਂ ਇੰਸਟੀਚਿਊਟ ਮਾਲੇਰਕੋਟਲਾ ਸਨ।
ਸਭਾ ਦੀ ਸ਼ੁਰੂਆਤ ਸਾਹਿਤਕਾਰ ਪਾਲ ਸ਼ਮਸ਼ਪੁਰ ਨੇ ਧਾਰਮਿਕ ਗੀਤ ਨਾਲ ਕੀਤੀ। ਸੇਵਾਮੁਕਤ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਨੇ ਗਜ਼ਲਾਂ ਸੁਣਾਈਆਂ। ਬਜ਼ੁਰਗ ਕਲਾਕਾਰ ਪਾਲ ਸ਼ਮਸ਼ਪੁਰ ਨੇ ‘ਲੰਘ ਗਏ ਕਾਫ਼ਲੇ ਰਾਹੀਆਂ ਦੇ’ ਗੀਤ ਸੁਣਾਇਆ। ਸਾਹਿਤਕਾਰ ਲੱਖਾ ਰੌਣੀ ਨੇ ‘ਸੁਣਿਆ ਏ ਤੂੰ ਵਸਦਾ ਏਂ ਦਿਲ ਵਿੱਚ ਇਨਸਾਨਾਂ ਦੇ’ ਰਚਨਾ ਸੁਣਾਈ।
ਬਹੁਪੱਖੀ ਕਲਾਕਾਰ ਜੋਗਿੰਦਰ ਆਜ਼ਾਦ ਜਰਗ ਨੇ ‘ਪੈਸੇ ਦੀ ਲੋੜ’ ਸੁਣਾਈ। ਯਾਦ ਰੌਣੀ ਵੱਲੋਂ ਸੁਣਾਈ ਰਚਨਾ ‘ਆਪਾਂ ਰੌਣੀ ਨਵੀਂ ਬਣਾਉਣੀ ਆ’ ਸੁਣ ਕੇ ਸਰੋਤੇ ਤਾੜੀਆਂ ਮਾਰਨ ਤੋਂ ਨਾ ਰਹਿ ਸਕੇ। ਅੰਮ੍ਰਿਤਪਾਲ ਜਰਗੀਆ ਨੇ ‘ਉਦੋਂ ਸੱਚੇ ਸੀਗੇ ਪਿਆਰ ਜਦੋਂ ਘਰ ਕੱਚੇ ਹੁੰਦੇ ਸੀ’ ਗੀਤ ਸੁਣਾਇਆ। ਸੁਰਜੀਤ ਸੀਤ ਸ਼ਮਸ਼ਪੁਰ ਨੇ ‘ਮੇਰੇ ਯਾਦ ਆ’ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਬਲਵੀਰ ਰੌਣੀ ਨੇ ‘ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ’ ਸੁਣਾਇਆ ਜਦੋਂਕਿ ਪਵਨ ਰੌਣੀ ਨੇ ‘ਸਾਕਾ ਸਰਹੰਦ’ ਗੀਤ ਸੁਣਾ ਕੇ ਸਰਹੰਦ ਦੇ ਇਤਿਹਾਸ ਦੀ ਯਾਦ ਦਿਵਾਈ। ਇਸ ਮੌਕੇ ਪ੍ਰਿੰਸੀਪਲ ਰੁਬੀਨਾ ਸ਼ਬਨਮ ਨੂੰ ਲਿਖਾਰੀ ਸਭਾ ਰੌਣੀ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰੁਬੀਨਾ ਸ਼ਬਨਮ ਨੇ ‘ਮੇਰਾ ਸਲਾਮ ਉਨਕੀ ਸ਼ਹਾਦਤ ਕੋ’ ਸਮੇਤ ਪੰਜਾਬੀ, ਉਰਦੂ ਤੇ ਫ਼ਾਰਸੀ ਵਿੱਚ ਰਚਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਸਾਹਿਤਕਾਰਾਂ ਦੇ ਸਵਾਲਾਂ ਦੇ ਜਵਾਬ ਬੜੇ ਹੀ ਸ਼ਾਇਰਾਨਾ ਅੰਦਾਜ਼ ਵਿੱਚ ਦਿੱਤੇ। ਅਖੀਰ ਵਿੱਚ ਸਾਬਕਾ ਹੈੱਡਮਾਸਟਰ ਬਲਜੀਤ ਸਿੰਘ ਰੌਣੀ ਨੇ ਆਏ ਸਾਹਿਤਕਾਰਾਂ, ਗੀਤਕਾਰਾਂ, ਕਲਾਕਾਰਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਫ਼ੌਜੀ, ਕਬੱਡੀ ਖਿਡਾਰੀ ਨੋਨਾ ਰੌਣੀ, ਅੰਮ੍ਰਿਤਪਾਲ ਜਰਗੀਆ ਜਰਗ, ਤਰਸੇਮ ਸਿੰਘ ਗਿੱਲ, ਅਨਵਰ ਰੌਣੀ, ਹੈਪੀ ਰੌਣੀ, ਸੂਬੇਦਾਰ ਰਾਜਵਿੰਦਰ ਸਿੰਘ, ਜਗਰੂਪ ਸਿੰਘ ਰੌਣੀ, ਗੁਰਮੀਤ ਸਿੰਘ ਮੁੱਲਾਂਪੁਰ, ਦਵਿੰਦਰ ਸਿੰਘ ਮੰਗਾ ਰੌਣੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।