ਇਥੋਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਵਿੱਚ ਸੰਚਾਰ ਹੁਨਰਾਂ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਵਾਈਸ ਡਾਇਰੈਕਟਰ ਤੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਨਿਧੀ ਮਹਾਜਨ ਨੇ ਦੱਸਿਆ ਕਿ ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਪ੍ਰੋਫੈਸਰ ਬਨੀਤਾ ਝਾਂਜੀ ਮੁਖੀ ਅੰਗਰੇਜ਼ੀ ਵਿਭਾਗ ਸਰਕਾਰੀ ਈਸਟ ਕਾਲਜ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾਇਰੈਕਟਰ ਪ੍ਰੋ. ਗੁਰਜਿੰਦਰ ਕੌਰ ਨੇ ਮੁੱਖ ਬੁਲਾਰੇ ਦਾ ਨਿੱਘਾ ਸਵਾਗਤ ਕੀਤਾ। ਇਸ ਸਮੇਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥਣ ਕੀਰਤੀ ਸ਼ਰਮਾ ਅਤੇ ਜੋਬਨਦੀਪ ਸਿੰਘ ਸੈਂਭੀ ਨੇ ਨਿਭਾਈ ਅਤੇ ਨਾਲੋ ਹੀ ਮੁੱਖ ਬੁਲਾਰੇ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਮੁੱਖ ਬੁਲਾਰੇ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਅੱਜ ਦੇ ਵਿਸ਼ਵ ਵਿਆਪੀ ਸੰਸਾਰ ਵਿੱਚ ਸੰਚਾਰ ਹੁਨਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਮੌਖਿਕ ਅਤੇ ਗੈਰ ਮੌਖਿਕ ਸੰਚਾਰ ਅਤੇ ਹੋਰ ਕਿਸਮਾਂ ਦੇ ਸੰਚਾਰ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰਨ ਲਈ ਸਲੀਕੇ ਨਾਲ ਬੋਲਣਾ, ਚੱਲਣਾ, ਉੱਠਣਾ-ਬੈਠਣਾ, ਤੁਰਨਾ-ਫਿਰਨਾ ਵੀ ਸੰਚਾਰ ਹੁਨਰ ਦੇ ਮਹੱਤਵਪੂਰਨ ਅੰਗ ਹਨ। ਇਹ ਵਿਅਕਤੀ ਦੇ ਵਿਅਕਤੀਤਵ ਬਾਰੇ ਬਹੁਤ ਕੁਝ ਦਰਸਾਉਂਦੇ ਹਨ। ਸੁਨਹਿਰੇ ਭਵਿੱਖ ਨੂੰ ਉਸਾਰਨ ਲਈ ਇਹ ਕੁੰਜੀ ਬਣਦਾ ਹੈ। ਇਸ ਵਰਕਸ਼ਾਪ ਦਾ ਵਿਦਿਆਰਥੀਆਂ ਨੇ ਭਰਪੂਰ ਲਾਹਾ ਲਿਆ ਤੇ ਬੁਲਾਰੇ ਦੇ ਸਵਾਲਾਂ ਦਾ ਤਸੱਲੀਬਖਸ਼ ਜਵਾਬ ਦਿੱਤਾ। ਅਖ਼ੀਰ ਵਿੱਚ ਵਿਦਿਆਰਥਣ ਅੰਸ਼ੂ ਸ਼ਰਮਾ ਦੁਆਰਾ ਕਾਲਜ ਡਾਇਰੈਕਟਰ, ਮੁੱਖ ਬੁਲਾਰੇ, ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।