ਸਨਅਤੀ ਸ਼ਹਿਰ ਦੇ ਦੁੱਗਰੀ ਅਰਬਨ ਅਸਟੇਟ ਵਿੱੱਚ ਇਲਾਕਾ ਵਾਸੀਆਂ ਦੇ ਇਕੱਠ ਨਾਲ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੁੱਗਰੀ ਸਤਪਾਲ ਮਿੱਤਲ ਸਕੂਲ ਤੋਂ ਬਾਲ ਭਾਰਤੀ ਸਕੂਲ ਤੱਕ ਦੀ ਖਰਾਬ ਸੜਕ ਦੀ ਉਸਾਰੇ ਦੇ ਕੰਮ ਦਾ ਅੱਜ ਉਦਘਾਟਨ ਕੀਤਾ। ਇਸ ਸੜਕ ਨੂੰ ਬਣਾਉਣ ਲਈ 99 ਲੱਖ 47 ਹਜ਼ਾਰ ਦਾ ਖ਼ਰਚ ਆਵੇੇਗਾ। ਇਸ ਮੌਕੇ ਕੌਂਸਲਰ ਯੁਵਰਾਜ ਸਿੰਘ ਸਿੱਧੂ ਵੀ ਹਾਜ਼ਰ ਸਨ। ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਜ਼ਿਆਦਾਤਰ ਸੜਕਾਂ ਮੁਰੰਮਤ ਯੋਗ ਹੋ ਗਈਆਂ ਸਨ ਜਿਨਾਂ ਦਾ ਪੈਚ ਵਰਕ, ਨਵੀਨੀਕਰਨ ਅਤੇ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਪਾਰਕਾਂ ਦੇ ਸੁੰਦਰੀਕਰਨ ਦਾ ਕੰਮ ਵੀ ਜਾਰੀ ਹੈ।
ਇਸ ਮੌਕੇ ਇਲਾਕਾ ਵਾਸੀਆਂ ਨੇ ਵਿਧਾਇਕ ਸਿੱਧੂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਵਿਧਾਇਕ ਨੇ ਕਿਹਾ ਕਿ ਸਾਰੇ ਇਲਾਕਾ ਵਾਸੀ ਉਨ੍ਹਾਂ ਦਾ ਪਰਿਵਾਰ ਹੀ ਹਨ ਤੇ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਮਿਲਣ ਆ ਸਕਦੇ ਹਨ। ਇਸ ਮੌਕੇ ਲੋਕਾਂ ਨੇ ਵਿਧਾਇਕ ਸਾਹਮਣੇ ਕੁਝ ਸਮੱਸਿਆਵਾਂ ਰੱਖੀਆਂ ਜਿਨ੍ਹਾਂ ਸਬੰਧੀ ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।