ਪਾਇਲ ਦੀਆਂ 50 ਸੜਕਾਂ ਦੇ ਕੰਮ ਸ਼ੁਰੂ ਕਰਵਾਏ ਜਾਣਗੇ: ਗਿਆਸਪੁਰਾ
ਵਿਧਾਇਕ ਵੱਲੋਂ ਦਾਊਮਾਜਰਾ ਤੋਂ ਜੱਲਾ ਸੜਕ ਦਾ ਨੀਂਹ ਪੱਥਰ
ਅੱਜ 35 ਸਾਲਾਂ ਬਾਅਦ ਜੱਲਾ ਤੋਂ ਦਾਊਮਾਜਰਾ ਵਾਇਆ ਪਾਇਲ ਲਿੰਕ ਸੜਕ ਸ਼ਹੀਦ ਸੀਤਲ ਸਿੰਘ ਮਾਰਗ ਦਾ ਨੀਂਹ ਪੱਥਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸਾਬਕਾ ਚੇਅਰਮੈਨ ਬੂਟਾ ਸਿੰਘ ਰਾਣੋਂ, ‘ਆਪ’ ਆਗੂ ਸੁਖਵੀਰ ਸਿੰਘ ਸੋਹੀ, ਅਮਰਜੀਤ ਸਿੰਘ ਗਿੱਲ ਦੀ ਮੌਜੂਦਗੀ ਵਿੱਚ ਰੱਖਿਆ ਗਿਆ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਹਲਕਾ ਪਾਇਲ ਦੀਆਂ 50 ਸੜਕਾਂ ਦਾ ਨਿਰਮਾਣ ਕਰਵਾਉਣ ਲਈ ਨੀਂਹ ਪੱਥਰ ਰੱਖੇ ਜਾਣਗੇ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਦਾਊਮਾਜਰਾ ਤੋਂ ਜੱਲਾ ਸੜਕ ਦਾ ਨਿਰਮਾਣ 35 ਸਾਲਾਂ ਬਾਅਦ ‘ਆਪ’ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵੱਲ ਵਿਕਾਸ ਦੇ ਦਮਗੱਜੇ ਮਾਰਨ ਵਾਲੇ ਅਕਾਲੀ ਤੇ ਕਾਂਗਰਸੀਆਂ ਨੇ ਉੱਕਾ ਹੀ ਧਿਆਨ ਨਹੀਂ ਦਿੱਤਾ। ਹੁਣ ‘ਆਪ’ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜ ਹਜ਼ਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਪਾਇਲ ਦੀਆਂ ਲਿੰਕ, ਮੇਨ ਸੜਕਾਂ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਪਿੰਡਾਂ-ਸ਼ਹਿਰਾਂ ਦਾ ਵਿਕਾਸ ਨਹੀਂ ਕਰਵਾਇਆ ਸਿਰਫ ਆਪਣੀਆਂ ਤਿਜ਼ੋਰੀਆਂ ਭਰੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਹੱਲਾਸ਼ੇਰੀ ਦਿੱਤੀ ਹੈ, ਜਿੱਥੋਂ ਇਹ ਲੋਕ ਕਰੋੜਪਤੀ ਬਣੇ ਹਨ। ਇਸ ਮੌਕੇ ਸਰਪੰਚ ਜਸਪਾਲ ਕੌਰ ਜੱਲਾ, ਲਛਮਣ ਸਿੰਘ ਜੱਲਾ, ਜਰਨੈਲ ਸਿੰਘ, ਕੈਪਟਨ ਰਾਜਬੀਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ ਗਰਚਾ, ਨੰਬਰਦਾਰ ਬਲਦੇਵ ਸਿੰਘ ਆਦਿ ਹਾਜ਼ਰ ਸਨ।