ਗਗਨਦੀਪ ਅਰੋੜਾ
ਲੁਧਿਆਣਾ, 21 ਜੂਨ
ਸਲੇਮ ਟਾਬਰੀ ਦੇ ਪੰਜਾਬੀ ਬਾਗ ਚੌਕ ਇਲਾਕੇ ’ਚ ਅੱਜ ਦੁਪਹਿਰ ਵੇਲੇ ਇੱਕ ਘਰ ’ਚ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਘਰ ਦੇ ਬਾਥਰੂਮ ਵਿੱਚ ਪਈ ਮਿਲੀ ਹੈ। ਔਰਤ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਹਨ ਜਿਸ ਨਾਲ ਕਤਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਸੋਨਮ ਜੈਨ ਉਰਫ਼ ਬੇਬੀ (55) ਵਜੋਂ ਹੋਈ ਹੈ।
ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੋਨਮ ਜੈਨ ਦਾ ਪਤੀ ਸੁਰਿੰਦਰ ਦੁਪਹਿਰ ਦਾ ਖਾਣਾ ਖਾਣ ਲਈ ਘਰ ਆਇਆ ਤੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਉਹ ਅੰਦਰ ਗਿਆ ਤਾਂ ਪਤਨੀ ਕਿਤੇ ਦਿਖਾਈ ਨਹੀਂ ਦਿੱਤੀ। ਉਸ ਨੇ ਭਾਲ ਕੀਤੀ ਤਾਂ ਬਾਥਰੂਮ ਵਿੱਚ ਸੋਨਮ ਦੀ ਲਾਸ਼ ਪਈ ਸੀ। ਜਦੋਂ ਸੁਰਿੰਦਰ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਸਲੇਮ ਟਾਬਰੀ ਥਾਣੇ ਵਿੱਚ ਇਸ ਦੀ ਸੂਚਨਾ ਦਿੱਤੀ। ਇਸ ਮਗਰੋਂ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਜਾਂਚ ਮਗਰੋਂ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ ਜੈਨ ਘਰ ਵਿੱਚ ਇਕੱਠੀ ਸੀ ਤੇ ਸੁਰਿੰਦਰ ਕੰਮ ’ਤੇ ਗਿਆ ਹੋਇਆ ਸੀ। ਸੁਰਿੰਦਰ ਨੇ ਜਦੋਂ ਬਾਥਰੂਮ ਵਿੱਚ ਦੇਖਿਆ ਤਾਂ ਸੋਨਮ ਦੀ ਖੂਨ ਨਾਲ ਲਥਪਥ ਲਾਸ਼ ਦਿਖੀ। ਪੁਲੀਸ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਆਰੰਭ ਦਿੱਤੀ ਹੈ। ਮੁਢਲੀ ਜਾਂਚ ਦੌਰਾਨ ਕੋਈ ਅਣਪਛਾਤਾ ਵਿਅਕਤੀ ਕਰੀਬ 11 ਵਜੇ ਘਰ ਵਿੱਚ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ, ਜੋ 45 ਮਿੰਟ ਘਰ ਵਿੱਚ ਰਿਹਾ ਤੇ ਮਗਰੋਂ ਚਲਾ ਗਿਆ। ਪੁਲੀਸ ਅਨੁਸਾਰ ਮੁਲਜ਼ਮ ਲੁੱਟ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਇਆ ਹੋ ਸਕਦਾ ਹੈ ਤੇ ਜਦੋਂ ਸੋਨਮ ਨੇ ਵਿਰੋਧ ਕੀਤਾ ਤਾਂ ਉਸ ਨੇ ਸੋਨਮ ਦੇ ਸਿਰ ਵਿੱਚ ਕੁਝ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਹੀ ਹੈ, ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।