ਹਿਮਾਚਲ ਤੇ ਜੰਮੂ-ਕਸ਼ਮੀਰ ’ਚ ਜਜ਼ੀਆ ਵਸੂਲੀ ਬੰਦ ਕਰਾਵਾਂਗੇ: ਅਮਰ ਸਿੰਘ
ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਸਕੱਤਰ ਡਾਕਟਰ ਅਮਰ ਸਿੰਘ ਬੋਪਾਰਾਏ ਨੇ ਪੰਜਾਬ ਸਮੇਤ ਹੋਰ ਸੂਬਿਆਂ ਦੇ ਕੌਮੀ ਪਰਮਿਟ ਟੈਕਸੀ ਚਾਲਕਾਂ ਤੋਂ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਕੀਤੀ ਜਾ ਰਹੀ ਗ਼ੈਰ-ਕਾਨੂੰਨੀ ਟੈਕਸ ਵਸੂਲੀ ਨੂੰ ਰੋਕਣ ਲਈ ਮਾਮਲਾ ਕੇਂਦਰੀ ਸੜਕ ਆਵਾਜਾਈ ਅਤੇ ਕੌਮੀ ਮਾਰਗ ਮੰਤਰੀ ਨਿਤਿਨ ਗਡਕਰੀ ਕੋਲ ਮਾਮਲਾ ਉਠਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟੈਕਸੀ ਚਾਲਕਾਂ ਤੋਂ ਗ਼ੈਰ-ਕਾਨੂੰਨੀ ਵਸੂਲੀ ਬੰਦ ਕਰਾਵਾਂਗੇ। ਕੌਮੀ ਪਰਮਿਟ ਹੋਣ ਦੇ ਬਾਵਜੂਦ ਪੰਜਾਬ ਦੇ ਟੈਕਸੀ ਚਾਲਕਾਂ ਤੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਜਜ਼ੀਆ ਟੈਕਸ ਵਸੂਲਣ ਅਤੇ ਆਰਥਿਕ ਲੁੱਟ ਖ਼ਿਲਾਫ਼ ਇੱਥੋਂ ਦੀ ਅਜ਼ਾਦ ਟੈਕਸੀ ਯੂਨੀਅਨ (ਪੰਜਾਬ) ਮੈਦਾਨ ਵਿੱਚ ਨਿੱਤਰੀ ਹੈ।
ਯੂਨੀਅਨ ਦੇ ਤਹਿਸੀਲ ਪ੍ਰਧਾਨ ਅਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬਿੱਟੂ ਨੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਨੂੰ ਮੰਗ-ਪੱਤਰ ਸੌਂਪ ਕੇ ਇਹ ਲੁੱਟ ਬੰਦ ਕਰਾਉਣ ਦੀ ਮੰਗ ਕੀਤੀ ਹੈ। ਪ੍ਰਧਾਨ ਹਰਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਕੌਮੀ ਪਰਮਿਟ ਵਾਲੀਆਂ ਪੰਜਾਬ ਦੀਆਂ ਟੈਕਸੀਆਂ ਦੇ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਦਾਖ਼ਲੇ ਮੌਕੇ ਲਏ ਜਾਣ ਵਾਲੇ ਟੈਕਸ ਦੀ ਸਰਕਾਰੀ ਰਸੀਦ ਜਾਂ ਆਨਲਾਈਨ ਐਂਟਰੀ ਦੇਣ ਦੀ ਥਾਂ ਹੱਥ ਲਿਖਤ ਫ਼ਰਜ਼ੀ ਪਰਚੀਆਂ ਕੱਟ ਕੇ ਗ਼ੈਰ-ਕਾਨੂੰਨੀ ਵਸੂਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਦੋਵੇਂ ਰਾਜਾਂ ਵਿੱਚ ਦੂਜੇ ਰਾਜਾਂ ਦੇ ਟੈਕਸੀ ਚਾਲਕਾਂ ਤੋਂ ਗ਼ੈਰ-ਕਾਨੂੰਨੀ ਵਸੂਲੀ ਕੀਤੀ ਜਾਂਦੀ ਹੈ। ਟੈਕਸੀ ਚਾਲਕਾਂ ਦੇ ਆਗੂ ਕੁਲਜੀਤ ਸਿੰਘ ਨਿੱਕਾ ਬੁਰਜ ਹਰੀ ਸਿੰਘ, ਗੁਰਦੀਪ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਮੁਖ਼ਤਿਆਰ ਸਿੰਘ ਗਰੇਵਾਲ, ਠਾਕਰਜੀਤ ਸਿੰਘ ਤਾਜਪੁਰੀ, ਹਰਜੀਤ ਸਿੰਘ ਕਲਸੀਆਂ ਸਮੇਤ ਹੋਰ ਆਗੂ ਵੀ ਮੌਜੂਦ ਸਨ।