ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਐਲਾਨ ਕੀਤਾ ਹੈ ਉਹ ਕਿਸੇ ਵੀ ਕੀਮਤ ਤੇ ਲੈਂਡ ਪੂਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਤੇ ਲਾਗੂ ਨਹੀਂ ਹੋਣ ਦੇਣਗੇ ਕਿਉਂਕਿ ਇਹ ਨੀਤੀ ਪੰਜਾਬ ਦੇ ਕਿਸਾਨਾਂ ਨੂੰ ਹਰਗਿਜ਼ ਮਨਜ਼ੂਰ ਨਹੀਂ ਹੈ।
ਅੱਜ ਇੱਥੇ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਭਰ ਤੋਂ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਇਸ ਨੀਤੀ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਵੱਲੋਂ 24 ਅਗਸਤ ਨੂੰ ਸਮਰਾਲਾ ਵਿੱਚ ਕੀਤੀ ਜਾ ਰਹੀ ਮਹਾਂ ਕਿਸਾਨ ਪੰਚਾਇਤ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜਿਸ ਵਿੱਚ ਲੱਖਾਂ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਣਗੇ।
ਇਸ ਸਬੰਧੀ ਅਵਤਾਰ ਸਿੰਘ ਮੇਹਲੋਂ ਸਰਪ੍ਰਸਤ ਅਤੇ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਦੱਸਿਆ ਕਿ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਨੇ ਦੱਸਿਆ ਕਿ ਪੰਜਾਬ ਦਾ ਕੋਈ ਵੀ ਕਿਸਾਨ ਤੇ ਕੋਈ ਵੀ ਪਿੰਡ ਲੈਂਡ ਪੂਲਿੰਗ ਨੀਤੀ ਤਹਿਤ ਆਪਣੀ ਜ਼ਮੀਨ ਸਰਕਾਰ ਨੂੰ ਸੌਂਪਣ ਲਈ ਤਿਆਰ ਨਹੀਂ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਕਿਸਾਨ ਮਾਰੂ ਨੀਤੀ ਖ਼ਿਲਾਫ਼ ਵੱਧ ਤੋਂ ਵੱਧ ਕਾਫਲੇ ਲੈ ਕੇ ਸਮਰਾਲੇ ਦੀ ਮਹਾਂ ਪੰਚਾਇਤ ਵਿੱਚ ਪਹੁੰਚਣ ਤਾਂ ਜੋ ਸਰਕਾਰ ਤੋਂ ਇਹ ਨੀਤੀ ਵਾਪਸ ਕਰਵਾਈ ਜਾਵੇ। ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਸ਼ੋਤਮ ਸਿੰਘ ਗਿੱਲ, ਹਰਮਿੰਦਰ ਸਿੰਘ ਖਹਿਰਾ ਅਤੇ ਪ੍ਰੀਤਮ ਸਿੰਘ ਬਾਘਾਪੁਰਾਣਾ ਨੇ ਨੇ ਮੰਗ ਕੀਤੀ ਕਿ ਹੜ੍ਹਾਂ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਇਸ ਲਈ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰਕੇ ਲੋਕਾਂ ਦੀ ਬਾਂਹ ਫੜੇ। ਪਰਮਿੰਦਰ ਸਿੰਘ ਪਾਲਮਾਜ਼ਰਾ, ਨਿਰਮਲ ਸਿੰਘ ਝੂੰਡੂਕੇ, ਮੁਖਤਿਆਰ ਸਿੰਘ ਸੋਢੀ ਤੇ ਕਿਰਨਪਾਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਅੰਦਰ ਯੂਰੀਆ ਤੇ ਡੀਏਪੀ ਖਾਦਾਂ ਦੀ ਘਾਟ ਕਾਰਨ ਜਮਾਂਖੋਰ ਦੁਕਾਨਦਾਰ ਕਿਸਾਨਾਂ ਦੀ ਭਾਰੀ ਆਰਥਿਕ ਲੁੱਟ ਕਰ ਰਹੇ ਹਨ ਅਤੇ ਧੱਕੇ ਨਾਲ ਕਿਸਾਨਾਂ ਨੂੰ ਖਾਦਾਂ ਦੇ ਨਾਲ ਗੈਰ ਜ਼ਰੂਰੀ ਨੈਨੋ ਪੈਕਿੰਗ ਖਾਦਾਂ ਤੇ ਦਵਾਈਆਂ ਧੱਕੇ ਨਾਲ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਫੌਰੀ ਤੌਰ ’ਤੇ ਇਸ ਵੱਲ੍ਹ ਧਿਆਨ ਦੇਕੇ ਕਾਰਵਾਈ ਕਰੇ।
ਇਸ ਮੌਕੇ ਸਿਮਰਨਜੀਤ ਸਿੰਘ ਘੁੱਦੂਵਾਲਾ, ਬਲਦੇਵ ਸਿੰਘ ਪੂਨੀਆਂ, ਜਸਵੰਤ ਸਿੰਘ ਬੀਜ਼ਾ ਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਪੰਜਾਬ ਦੀਆਂ ਸੰਪਰਕ ਤੇ ਲਿੰਕ ਸੜਕਾਂ ਦੀ ਮਾੜੀ ਹਾਲਤ ਸੁਧਾਰਨ ਲਈ ਤੁਰੰਤ ਕਾਰਵਾਈ ਕਰੇ। ਮੀਟਿੰਗ ਵਿੱਚ ਮਨਪ੍ਰੀਤ ਸਿੰਘ ਅਮਲਾਲਾ, ਕੈਪਟਨ ਹਰਦੀਪ ਰੰਧਾਵਾ, ਚਰਨ ਸਿੰਘ ਮੁੰਡੀਆਂ, ਹਰਦਿਆਲ ਸਿੰਘ (ਸਾਰੇ ਅਹੁਦੇਦਾਰਾਂ) ਤੋਂ ਇਲਾਵਾ ਸਾਰੇ ਜ਼ਿਲ੍ਹਾ ਪ੍ਰਧਾਨ ਹਾਜ਼ਰ ਸਨ।