ਸੰਤੋਖ ਗਿੱਲ
ਗੁਰੂਸਰ ਸੁਧਾਰ, 22 ਮਈ
ਥਾਣਾ ਸੁਧਾਰ ਨੇੜਲੇ ਪਿੰਡ ਵਿੱਚ ਦੁਪਹਿਰ ਸਮੇਂ ਬਿਜਲੀ ਮੁਲਾਜ਼ਮ ਬਣ ਕੇ ਆਏ ਚਾਰ ਲੁਟੇਰਿਆਂ ਵਿੱਚੋਂ ਤਿੰਨ ਨੇ ਘਰ ਵਿੱਚ ਮੌਜੂਦ 30 ਸਾਲਾ ਵਿਧਵਾ ਔਰਤ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਚਾਕੂ ਦੀ ਨੋਕ ’ਤੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਬੇਖ਼ੌਫ਼ ਤੁਰਦੇ ਬਣੇ। ਲੁਧਿਆਣਾ (ਦਿਹਾਤੀ) ਦੇ ਜ਼ਿਲ੍ਹਾ ਮੁਖੀ ਅੰਕੁਰ ਗੁਪਤਾ, ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ। ਪੀੜਤਾ ਦਾ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ ਹੈ। ਪੀੜਤਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨ ਵਿੱਚ ਕਿਹਾ ਕਿ ਦੁਪਹਿਰ ਕਰੀਬ 3:30 ਵਜੇ ਕਿਸੇ ਨੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਪੁੱਛਣ ’ਤੇ ਉਨ੍ਹਾਂ ਖ਼ੁਦ ਨੂੰ ਬਿਜਲੀ ਵਿਭਾਗ ਦੇ ਕਰਮਚਾਰੀ ਦੱਸਿਆ। ਪੀੜਤਾ ਅਨੁਸਾਰ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਇੱਕ ਲੁਟੇਰਾ ਕੰਧ ਟੱਪ ਕੇ ਦਾਖਲ ਹੋਇਆ ਅਤੇ ਦਰਵਾਜ਼ਾ ਖੋਲ੍ਹ ਕੇ ਬਾਕੀ ਤਿੰਨਾਂ ਨੂੰ ਅੰਦਰ ਬੁਲਾ ਲਿਆ। ਪੀੜਤਾ ਅਨੁਸਾਰ ਲੁਟੇਰਿਆਂ ਨੇ ਉਸ ਨੂੰ ਕਮਰੇ ਵਿੱਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕੀਤਾ, ਜਦਕਿ ਇੱਕ ਲੁਟੇਰੇ ਨੇ ਕਮਰੇ ਵਿੱਚ ਸੁੱਤੇ ਪਏ ਪੰਜ ਸਾਲ ਦੇ ਪੁੱਤਰ ਦੀ ਗਰਦਨ ’ਤੇ ਚਾਕੂ ਰੱਖ ਕੇ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਘਰ ਵਿੱਚ ਪਏ 5 ਤੋਲੇ ਸੋਨੇ ਦੇ ਗਹਿਣੇ, ਕਿਲੋ ਚਾਂਦੀ ਅਤੇ 5,000 ਰੁਪਏ ਨਕਦੀ ਲੈ ਗਏ। ਬਾਅਦ ਵਿੱਚ ਉਸ ਨੇ ਹਿੰਮਤ ਕਰ ਕੇ ਗੁਆਂਢੀ ਨੂੰ ਫ਼ੋਨ ਕਰ ਕੇ ਘਟਨਾ ਬਾਰੇ ਦੱਸਿਆ। ਪੀੜਤਾ ਦੇ ਸਹੁਰੇ ਨੇ ਕਿਹਾ ਕਿ ਉਹ ਆਪਣੀ ਪਤਨੀ ਲਈ ਦਵਾਈ ਲੈਣ ਲੁਧਿਆਣਾ ਗਿਆ ਸੀ ਅਤੇ ਗੁਆਂਢੀਆਂ ਨੇ ਫ਼ੋਨ ਕਰ ਕੇ ਘਟਨਾ ਬਾਰੇ ਦੱਸਿਆ। ਥਾਣਾ ਸੁਧਾਰ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਅਨੁਸਾਰ ਇਸ ਸ਼ੱਕੀ ਮਾਮਲੇ ’ਚ ਜਾਂਚ ਜਾਰੀ ਹੈ, ਜਲਦੀ ਹੀ ਖ਼ੁਲਾਸਾ ਕਰ ਦਿੱਤਾ ਜਾਵੇਗਾ।