ਐੱਸਡੀਐੱਮ ਦਫ਼ਤਰ ਵਿੱਚੋਂ ਮਿਲੀ ਰਾਸ਼ੀ ਬਾਰੇ ਮੁੱਖ ਮੰਤਰੀ ਚੁੱਪ ਕਿਉਂ: ਸੀਟੂ ਆਗੂ
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਰਾਏਕੋਟ ਦੇ ਐੱਸ.ਡੀ.ਐੱਮ ਦਫ਼ਤਰ ਦੀ ਅਲਮਾਰੀ ਵਿੱਚੋਂ 12 ਜੂਨ ਨੂੰ ਮਿਲੀ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁੱਪ ਉੱਪਰ ਸਵਾਲ ਖੜ੍ਹਾ ਕੀਤਾ ਹੈ। ਮਜ਼ਦੂਰ ਆਗੂ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕਿਸੇ ਪਟਵਾਰੀ ਵੱਲੋਂ 5 ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਵੱਡੇ-ਵੱਡੇ ਬਿਆਨ ਦਾਗ਼ਣ ਵਾਲੇ ਮੁੱਖ ਮੰਤਰੀ ਦਾ ਲੱਖਾਂ ਰੁਪਏ ਦੀ ਨਕਦੀ ਦੇ ਮਾਮਲੇ ਵਿੱਚ ਦੋ ਮਹੀਨੇ ਬਾਅਦ ਵੀ ਕੋਈ ਬਿਆਨ ਤੱਕ ਨਹੀਂ ਆਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਦੀ ਸਿਖਰਲੀ ਲੀਡਰਸ਼ਿਪ ਦੀ ਛਤਰ-ਛਾਇਆ ਹੇਠ ਹੀ ਇਹ ਕੇਸ ਠੰਢੇ ਬਸਤੇ ਵਿੱਚ ਪਾਏ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਦਰਜਾ ਤਿੰਨ ਮੁਲਾਜ਼ਮ ਸਟੈਨੋ ਦੀ ਇੰਨੀ ਹੈਸੀਅਤ ਨਹੀਂ ਹੈ ਕਿ ਉਹ ਲੱਖਾਂ ਰੁਪਏ ਰਾਸ਼ੀ ਰਿਸ਼ਵਤ ਵਜੋਂ ਹਾਸਲ ਕਰ ਲਵੇ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦੇ ਹੱਥ ਕੋਈ ਅਜਿਹੀ ਤਾਕਤ ਵੀ ਨਹੀਂ ਕਿ ਉਹ ਕਿਸੇ ਮਾਮਲੇ ਵਿੱਚ ਫ਼ੈਸਲਾ ਸੁਣਾ ਸਕਦਾ ਹੋਵੇ ਜਿਸ ਨਾਲ ਕਿਸੇ ਨੂੰ ਵੱਡਾ ਲਾਭ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਮੁੱਖ ਸੜਕਾਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਵੱਡੇ-ਵੱਡੇ ਹੋਰਡਿੰਗ ਲਾ ਕੇ ਭਰੀਆਂ ਪਈਆਂ ਹਨ ਅਤੇ ਪ੍ਰਚਾਰ ਉੱਪਰ ਪੰਜਾਬ ਦਾ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਜੀਲੈਂਸ ਅਧਿਕਾਰੀ ਇਸ ਮਾਮਲੇ ਨੂੰ ਵੱਟੇ-ਖਾਤੇ ਪਾਉਣ ਲਈ ਯਤਨਸ਼ੀਲ ਹਨ।