2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਅਮਰਗੜ੍ਹ ਵਿੱਚ ਕਾਂਗਰਸੀ ਆਗੂ ਟਿਕਟ ਨੂੰ ਲੈ ਕੇ ਕਰੀਬ ਅੱਧੀ ਦਰਜਨ ਉਮੀਦਵਾਰ ਕਤਾਰ ਵਿੱਚ ਲੱਗ ਆਪੋ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਨ ਲੱਗ ਰਹੇ ਹਨ ਜਿਨ੍ਹਾਂ ਨੂੰ ਵੇਖ ਹਲਕੇ ਦੇ ਕਾਂਗਰਸੀ ਆਗੂ ਦੋਚਿੱਤੀ ਵਿੱਚ ਫਸੇ ਹਨ ਕਿ ਕਿਸ ਦੇ ਨਾਲ ਰਾਬਤਾ ਰੱਖਣ ਜਾਂ ਨਾ ਰੱਖਣ ਕਿਉਂਕਿ ਹਰ ਕੋਈ ਖ਼ੁਦ ਨੂੰ ਰਾਹੁਲ ਗਾਂਧੀ ਦਾ ਨੇੜਲਾ ਦੱਸ ਲੋਕਾਂ ਵਿਚ ਆਪਣੀ ਟਿਕਟ ਪੱਕੀ ਹੋਣ ਦਾ ਦਾਅਵਾ ਕਰ ਰਿਹਾ ਹੈ। ਅੱਜ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੈਣਾਂ ਦੇਵੀ ਹਾਦਸੇ ’ਚ ਮ੍ਰਿਤਕ ਪਰਿਵਾਰਾਂ ਦੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ ਤਾਂ ਪੱਤਰਕਾਰਾ ਵੱਲੋਂ ਹਲਕਾ ਅਮਰਗੜ੍ਹ ਦੀ ਸਥਿੱਤੀ ਸਪੱਸ਼ਟ ਕਰਨ ’ਤੇ ਪੁੱਛੇ ਸਵਾਲ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਸਥਿਤੀ ਸਪੱਸ਼ਟ ਕਿਉਂ ਕਰੀਏ ਜੋ ਤਕੜਾ ਹੋਵੇਗਾ ਲੈ ਜਾਵੇਗਾ। ਉਨ੍ਹਾਂ ਕਿਹਾ, ‘ਮੇਰੇ ਨਾਲ ਕੋਈ ਬੋਲੇ ਜਾਂ ਨਾ ਬੋਲੇ ਜਿੰਨੇ ਮਰਜ਼ੀ ਲਾਈਨ ਵਿੱਚ ਖੜ੍ਹੇ ਹੋਣ ਜਿਸ ਦੀ ਮਿਹਨਤ ਜ਼ਿਆਦਾ ਹੋਵੇਗੀ ਉਹ ਟਿਕਟ ਦਾ ਦਾਵੇਦਾਰ ਹੋਵੇਗਾ।’
ਇਸ ਮੌਕੇ ਵੜਿੰਗ ਨਾਲ ਟਿਕਟ ਦੇ ਦੋ ਪ੍ਰਮੁੱਖ ਦਾਅਵੇਦਾਰ ਵੀ ਨਾਲ ਬੈਠੇ ਸਨ ਜੋ ਰਾਹੁਲ ਗਾਂਧੀ ਦੇ ਨਜ਼ਦੀਕ ਹੋਣ ਦਾ ਦਾਅਵਾ ਕਰਦੇ ਹਨ। ਟਿਕਟ ਦੇ ਦਾਅਵੇਦਾਰਾਂ ਵਿੱਚੋਂ ਗੁਰਜੋਤ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਉਹ ਮਹਰੂਮ ਐੱਮਪੀ ਸੁਖਦੇਵ ਸਿੰਘ ਲਿਬੜਾ ਦੇ ਸਮੇਂ ਤੋਂ ਹਲਕੇ ਵਿੱਚ ਪਾਰਟੀ ਲਈ ਕੰਮ ਕਰ ਰਿਹਾ ਹੈ ਤੇ ਪਾਰਟੀ ਹਾਈਕਮਾਂਡ ਦਾ ਹਰ ਹੁਕਮ ਮੰਨਣ ਲਈ ਤਿਆਰ ਹੈ।